ਮੁੰਬਈ: ਜਿਨ੍ਹਾਂ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਗਿਆ ਹੈ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਵੰਡੇ ਹਨ। ਮੁੱਖ ਮੰਤਰੀ ਫੜਨਵੀਸ ਨੇ ਕਰਜ਼ ਮੁਆਫ਼ੀ ਦੇ ਸਰਟੀਫਿਕੇਟ ਦੇ ਕੇ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤੀ ਹੈ।
ਉੱਤਰਪ੍ਰਦੇਸ਼ 'ਚ ਕਿਸਾਨਾਂ ਦਾ ਕਰਜ਼ ਮਾਫ ਹੋਣ ਤੋਂ ਬਾਅਦ ਮਹਾਂਰਾਸ਼ਟਰ 'ਚ ਇਹ ਵੱਡਾ ਮੁੱਦਾ ਬਣਿਆ ਸੀ ਤੇ ਉਸ ਤੋਂ ਬਾਅਦ ਮਹਾਂ ਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ ਮੁਆਫੀ ਦੀ ਯੋਜਨਾ ਬਣਾਈ ਸੀ। ਦਰ ਅਸਲ ਪਿਛਲੇ ਸਮੇਂ 'ਚ ਕਈ ਰਾਜ ਸਰਕਾਰਾਂ ਨੇ ਕਿਸਾਨਾਂ ਦਾ ਥੋੜ੍ਹਾ ਬਹੁਤਾ ਕਰਜ਼ ਮੁਆਫ ਕੀਤਾ ਹੈ ਜਿਸ ਕਰਕੇ ਹੋਰ ਰਾਜਾਂ 'ਚ ਕਰਜ਼ ਮੁਆਫੀ ਦੇ ਮਸਲੇ ਉੱਠਣੇ ਸ਼ੁਰੂ ਹੋ ਗਏ ਹਨ।
ਏਧਰ ਪੰਜਾਬ ਸਰਕਾਰ ਨੇ ਵੀ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ ਹੀ ਦਿੱਤਾ। ਇਸ ਲਾਭ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਮਿਲੇਗਾ। ਸਹਿਕਾਰੀ, ਸਰਕਾਰੀ ਤੇ ਪ੍ਰਾਈਵੇਟ ਬੈਂਕਾਂ 'ਚ ਕਿਸਾਨਾਂ ਦੇ 31 ਮਾਰਚ, 2017 ਤਕ ਖੜ੍ਹੇ ਕਰਜ਼ੇ ਨੂੰ ਇਸ ਮੁਆਫ਼ੀ ਦਾ ਆਧਾਰ ਬਣਾਇਆ ਜਾਵੇਗਾ। ਜਿਹੜੇ ਕਿਸਾਨ ਨਵੀਂ ਕਿਸ਼ਤ ਭਰ ਵੀ ਦੇਣਗੇ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲੇਗਾ।
ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਸ਼ਾਖਾ ਪੱਧਰ ਉੱਤੇ ਸਾਰੇ ਖਾਤਿਆਂ ਦੀ ਜਾਣਕਾਰੀ ਇੱਕ ਜਗ੍ਹਾ ਇਕੱਠੀ ਕਰਨਗੀਆਂ। ਖਾਤਿਆਂ ਨੂੰ ਆਧਾਰ ਕਾਰਡ ਨਾਲ ਲਗਪਗ ਜੋੜਿਆ ਜਾ ਚੁੱਕਾ ਹੈ। ਸ਼ਾਖਾਵਾਂ ਵੱਲੋਂ ਵੱਖ ਵੱਖ ਖਾਤਿਆਂ ਅਤੇ ਇੱਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਐਸਡੀਐਮ ਨੂੰ ਵੀ ਭੇਜੀ ਜਾਵੇਗੀ।