ਸਨਾਤਨ ਸੰਸਥਾ ਦੇ ਮੈਂਬਰ ਘਰੋਂ ਮਿਲੇ 8 ਬੰਬ, ATS ਨੇ ਕੀਤਾ ਗ੍ਰਿਫਤਾਰ
ਏਬੀਪੀ ਸਾਂਝਾ | 10 Aug 2018 02:52 PM (IST)
ਮੁੰਬਈ: ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨੱਲਾਸੋਪਾਰਾ ਤੋਂ ਦੇਰ ਰਾਤ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ। ਸ਼ੱਕ ਇਹ ਹੈ ਕਿ ਇਹ ਵਿਸਫੋਟਕ ਪਦਾਰਥ RDX ਹੈ। ਪੁਲਿਸ ਅਧਿਕਾਰੀ ਮੁਤਾਬਕ ਵਿਸਫੋਟਕ ਬਾਰੇ ਸੂਚਨਾ ਮਿਲਣ ਬਾਅਦ ਮਹਾਰਾਸ਼ਟਰ ਏਟੀਐਸ ਤੇ ਪਾਲਘਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪੁੱਜੇ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਜਾਂਚ ਕਰਨ ਲਈ ਫੌਰੈਂਸਿਕ ਟੀਮ ਬੁਲਾਈ ਗਈ ਹੈ। ਬਰਾਮਦ ਕੀਤੇ ਗਏ ਸਬੰਧਤ ਪਦਾਰਥ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਕਿ ਇਹ ਕਿਤੇ ਆਰਡੀਐਕਸ ਤਾਂ ਨਹੀਂ। ਸੂਚਨਾ ਮਿਲਣ ਬਾਅਦ ਪੁਲਿਸ ਨੇ ਤਲਾਸ਼ੀ ਸ਼ੁਰੂ ਕੀਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਵੈਭਵ ਰਾਊਤ ਦੇ ਘਰੋਂ ਏਟੀਐਸ ਨੇ 8 ਦੇਸੀ ਬੰਬ ਬਰਾਮਦ ਕੀਤੇ ਹਨ। ਘਰ ਤੋਂ ਥੋੜੀ ਦੂਰ ਮੌਜੂਦ ਉਸ ਦੀ ਦੁਕਾਨ ਤੋਂ ਬੰਬ ਬਣਾਉਣ ਦੀ ਸਮੱਗਰੀ ਵੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਅੰਦਰੋਂ ਵੱਡੀ ਮਾਤਰਾ ਵਿੱਚ ਸਲਫਰ ਮਿਲਿਆ। ਕੁਝ ਡੇਟੋਨੇਟਰ ਵੀ ਮਿਲੇ ਹਨ। ਮਿਲੇ ਹੋਏ ਸਲਫਰ ਤੋਂ ਲਗਪਗ ਦੋ ਦਰਜਨ ਬੰਬ ਬਣਾਏ ਜਾ ਸਕਦੇ ਹਨ। ਏਟੀਐਸ ਦੀ ਟੀਮ ਪਿਛਲੇ ਕੁਝ ਦਿਨਾਂ ਤੋਂ ਵੈਭਵ ਨੂੰ ਟਰੈਕ ਕਰ ਰਹੀ ਸੀ। ਵੀਰਵਾਰ ਜਦੋਂ ਉਸ ਦੇ ਘਰ ਰੇਡ ਮਾਰੀ ਗਈ ਤਾਂ ਇਹ ਸਮੱਗਰੀ ਬਰਾਮਦ ਹੋਈ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।