ਨਵੀਂ ਦਿੱਲੀ: ਗੱਡੀ ਜਾਂ ਮੋਟਰਸਾਈਕਲ ਚਲਾਉਣ ਵੇਲੇ ਹੁਣ ਡ੍ਰਾਇੰਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ ਆਰਸੀ ਜਾਂ ਇੰਸ਼ੋਰੈਂਸ ਪੇਪਰ ਰੱਖਣ ਦੀ ਲੋੜ ਨਹੀਂ ਹੋਵੇਗੀ। ਇਨ੍ਹਾਂ ਦਸਤਾਵੇਜ਼ਾਂ ਦੇ ਡਿਜ਼ੀਟਲ ਵਰਜ਼ਨ ਨੂੰ ਦਿਖਾ ਕੇ ਚਾਲਕ ਸਫਰ ਕਰ ਸਕਦੇ ਹਨ।

ਟਰਾਂਸਪੋਰਟ ਮੰਤਰਾਲੇ ਨੇ ਆਈਟੀ ਐਕਟ 2000 ਦਾ ਹਵਾਲਾ ਦਿੰਦਿਆਂ ਟ੍ਰੈਫਿਕ ਪੁਲਿਸ ਤੇ ਸੂਬਿਆਂ ਦੇ ਟਰਾਂਸਪੋਰਟ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਨੇ ਕਿ ਡ੍ਰਾਇੰਵਿੰਗ ਲਾਇਸੈਂਸ, ਆਰਸੀ ਤੇ ਇੰਸ਼ੋਰੈਂਸ ਪੇਪਰ ਜਿਹੇ ਦਸਤਾਵੇਜਾਂ ਦੇ ਡਿਜੀਟਲ ਰੂਪ ਨੂੰ ਮਨਜੂਰੀ ਦਿੱਤੀ ਜਾਵੇ। ਇਨ੍ਹਾਂ ਦਸਤਾਵੇਜਾਂ ਦਾ ਡਿਜੀਟਲ ਵਰਜ਼ਨ ਡਿਜੀਲਾਕਰ ਤੇ ਐਮਪਰਿਵਹਨ ਐਪ 'ਤੇ ਉਪਲਬਧ ਹੋਵੇਗਾ। ਭਾਵ ਗੱਡੀ ਦੇ ਪੇਪਰ ਜਾਂ ਲਾਇਸੈਂਸ ਨੂੰ ਵੱਖ-ਵੱਖ ਰੱਖਣ ਦੀ ਲੋੜ ਨਹੀਂ ਹੋਵੇਗੀ ਸਗੋਂ ਐਪ 'ਚ ਇਹ ਸਾਰੇ ਦਸਤਾਵੇਜ ਹੋਣਗੇ ਜੋ ਟ੍ਰੈਫਿਕ ਪੁਲਿਸ ਜਾਂ ਸੂਬਾ ਵਾਹਨ ਅਥਾਰਿਟੀ ਨੂੰ ਮੰਨਣੇ ਪੈਣਗੇ।

ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਇਲੈਕਟ੍ਰਾਨਿਕ ਰਿਕਾਰਡ ਡਿਜੀਲਾਕਰ ਤੇ ਐਮਪਰਿਵਹਨ ਐਪ 'ਤੇ ਉਪਲਬਧ ਹੈ। ਮੋਟਰ ਵਹੀਕਲ ਐਕਟ 1998 ਮੁਤਾਬਕ ਇਲੈਕਟ੍ਰਾਨਿਕ ਫਾਰਮ 'ਚ ਮੌਜੂਦ ਦਸਤਾਵੇਜ ਨੂੰ ਟਰਾਂਸਪੋਰਟ ਅਥਾਰਿਟੀ ਵੱਲੋਂ ਹੀ ਜਾਰੀ ਕੀਤਾ ਜਾਂਦਾ ਹੈ। ਜੇਕਰ ਐਮਪਰਿਵਹਨ ਤੇ ਈ-ਚਾਲਨ ਐਪ 'ਚ ਇੰਸ਼ੋਰੈਂਸ ਪਾਲਿਸੀ ਨਾਲ ਜੁੜੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਸਥਿਤੀ 'ਚ ਦਸਤਾਵੇਜ ਪੇਪਰ ਦੇ ਰੂਪ 'ਚ ਦਿਖਾਉਣਾ ਜ਼ਰੂਰੀ ਨਹੀਂ ਹੈ।

ਕਿਉਂ ਲਾਗੂ ਕੀਤਾ ਗਿਆ ਇਹ ਨਿਯਮ:

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੂੰ ਕਈ ਸ਼ਿਕਾਇਤਾਂ ਤੇ ਆਰਟੀਆਈ ਤਹਿਤ ਅਰਜ਼ੀਆਂ ਮਿਲੀਆਂ ਸਨ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਟ੍ਰੈਫਿਕ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਡਿਜੀਲਾਕਰ ਜਾਂ ਐਮਪਰਿਵਹਨ 'ਚ ਉਪਲਬਧ ਦਸਤਾਵੇਜਾਂ ਨੂੰ ਵੈਲਿਡ ਨਹੀਂ ਮੰਨਦਾ ਤੇ ਕਾਗਜ਼ੀ ਫਾਰਮ 'ਚ ਇਹ ਦਸਤਾਵੇਜ ਨਾ ਦਿਖਾਉਣ 'ਤੇ ਚਲਾਨ ਕੱਟ ਦਿੱਤਾ ਜਾਂਦਾ ਹੈ। ਅਜਿਹੀਆਂ ਸ਼ਿਕਾਇਤਾਂ 'ਤੋਂ ਬਾਅਦ ਹੀ ਮੰਤਰਾਲੇ ਨੇ ਇਹ ਫੈਸਲਾ ਕੀਤਾ ਹੈ।