ਮੁੰਬਈ: ਮਹਾਰਾਸ਼ਰਟ ਦੇ ਸਿਆਸੀ ਡਰਾਮੇ ਦਾ ਉਧਵ ਠਾਕਰੇ ਦੇ ਮੁੱਖ ਮੰਤਰੀ ਬਣਨ ਨਾਲ ਅੰਤ ਹੋਇਆ। ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਅੱਜ ਸ਼ਾਮ ਸ਼ਿਵਾਜੀ ਪਾਰਕ ਵਿੱਚ ਕਰਵਾਏ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਸੂਬੇ ’ਚ 20 ਸਾਲ ਬਾਅਦ ਪਾਰਟੀ ਕੋਲ ਇਹ ਅਹੁਦਾ ਆ ਗਿਆ ਹੈ। ਸ਼ਿਵ ਸੈਨਾ ਦੇ ਆਖਰੀ ਮੁੱਖ ਮੰਤਰੀ ਨਾਰਾਇਣ ਰਾਣੇ ਸਨ ਜਿਨ੍ਹਾਂ ਮਨੋਹਰ ਜੋਸ਼ੀ ਦੇ ਅਹੁਦੇ ਤੋਂ ਹਟਣ ਮਗਰੋਂ 1999 ’ਚ ਇਹ ਅਹੁਦਾ ਸੰਭਾਲਿਆ ਸੀ। ਸ਼ਿਵ ਸੈਨਾ ਨੇ ਬੀਜੇਪੀ ਦਾ ਸਾਥ ਛੱਡ ਕੇ ਕਾਂਗਰਸ ਤੇ ਐਨਸੀਪੀ ਨਾਲ ਹੱਥ ਮਿਲਾ ਕੇ ਸਰਕਾਰ ਬਣਾਈ ਹੈ। ਨਵੀਂ ਸਰਕਾਰ ਵਿੱਚ ਐਨਸੀਪੀ ਦਾ ਉਪ ਮੁੱਖ ਮੰਤਰੀ ਹੋਵੇਗਾ। ਵਿਧਾਨ ਸਭਾ ਦਾ ਸਪੀਕਰ ਕਾਂਗਰਸ ਪਾਰਟੀ ਦਾ ਹੋਵੇਗਾ।