ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਸੂਬਿਆਂ 'ਚ ਸਖਤੀ ਮੁੜ ਤੋਂ ਲਾਗੂ ਕਰਨੀ ਪੈ ਰਹੀ ਹੈ। ਜਿਸ ਦੇ ਮੱਦੇਨਜ਼ਰ ਕਰਫਿਊ ਫਿਰ ਤੋਂ ਲਾਉਣ ਦੀਆਂ ਤਿਆਰੀਆਂ ਹਨ। ਮਹਾਰਾਸ਼ਟਰ 'ਚ ਸਥਿਤੀ ਕਾਬੂ ਤੋਂ ਬਾਹਰ ਹੋ ਰਹੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸੂਬਾ ਸਰਕਾਰ ਨੇ ਸੂਬੇ 'ਚ 28 ਮਾਰਚ ਤੋਂ ਨਾਈਟ ਕਰਫਿਊ ਲਾਉਣ ਦਾ ਫੈਸਲਾ ਕੀਤਾ ਹੈ। ਕੋਵਿਡ-19 ਨਾਲ ਸਬੰਧਤ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ।
ਗਾਈਡਲਾਈਨਜ਼ ਦੇ ਮੁਤਾਬਕ ਸੂਬੇ ਦੇ ਸਾਰੇ ਮੌਲ ਰਾਤ 8 ਵਜੇ ਤੋਂ ਲੈਕੇ ਸਵੇਰ 7 ਵਜੇ ਤਕ ਬੰਦ ਰਹਿਣਗੇ। ਮੂਵੀ ਥੀਏਟਰ 'ਚ 50 ਫੀਸਦ ਲੋਕ ਹੀ ਜਾ ਸਕਣਗੇ। ਵਿਆਹ 'ਚ 50 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋਣਗੇ। ਅੰਤਿਮ ਸਸਕਾਰ 'ਚ 20 ਲੋਕ ਹੀ ਸ਼ਾਮਲ ਹੋ ਸਕਣਗੇ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ 50 ਫੀਸਦ ਬੈਡਸ ਰਿਜ਼ਰਵ ਰੱਖੇ ਗਏ ਹਨ। ਆਗਾਮੀ ਹੋਲੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦਿਆਂ ਵੀ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਮੁਤਾਬਕ ਹੋਲੀ ਖੇਡਣ ਲਈ ਭੀੜ 'ਤੇ ਪੂਰਨ ਪਾਬੰਦੀ ਰਹੇਗੀ। ਇਸ ਦੇ ਨਾਲ ਹੀ ਜਨਤਕ ਸਥਾਨਾਂ 'ਤੇ ਹੋਲੀ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਮੁੱਖ ਮੰਤਰੀ ਨੇ ਕੀਤੀ ਲੋਕਾਂ ਨੂੰ ਅਪੀਲ
ਇਸ ਬਾਰੇ ਜਾਣਕਾਰੀ ਦਿੰਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ, 'ਅਸੀਂ ਦੋਬਾਰਾ ਲੌਕਡਾਊਨ ਲਾਉਣ ਦੇ ਪੱਖ 'ਚ ਨਹੀਂ ਸੀ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਸਾਨੂੰ ਇਹ ਐਕਸ਼ਨ ਲੈਣਾ ਪਿਆ ਹੈ। ਮੈਂ ਸੂਬੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਲੋੜ ਪੈਣ 'ਤੇ ਹੀ ਘਰੋਂ ਬਾਹਰ ਨਿੱਕਲਣ।'
ਮੁੱਖ ਮੰਤਰੀ ਨੇ ਕਿਹਾ, 'ਅਸੀਂ ਹੈਲਥ ਇੰਫ੍ਰਾਸਟ੍ਰਕਚਰ 'ਤੇ ਵੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਿਹਤ ਸੁਵਿਧਾਵਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਮਹਾਰਾਸ਼ਟਰ 'ਚ ਇਕ ਵਾਰ ਫਿਰ ਕੋਰੋਨਾ ਨੇ ਪੈਰ ਪਸਾਰ ਲਏ ਹਨ। ਅਜਿਹੇ 'ਚ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਨਾਲ ਹੀ ਜੇਕਰ ਅੱਗੇ ਦੀ ਸਥਿਤੀ ਵੀ ਜਿਹੀ ਬਣੀ ਰਹੀ ਤਾਂ ਸੂਬੇ 'ਚ ਪੂਰਨ ਲੌਕਡਾਊਨ ਲਾਇਆ ਜਾ ਸਕਦਾ ਹੈ।
ਮਹਾਰਾਸ਼ਟਰ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਲੱਗਾ ਲੌਕਡਾਊਨ
ਸੂਬਾ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਲੌਕਡਾਊਨ ਤੇ ਨਾਈਟ ਕਰਫਿਊ ਜਿਹੇ ਸਖਤ ਨਿਯਮ ਲਾਗੂ ਕੀਤੇ ਹਨ। ਪੁਣੇ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ 31 ਮਾਰਚ ਤਕ ਸਾਰੇ ਸਕੂਲਾਂ ਤੇ ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਰੈਸਟੋਰੈਂਟ ਨੂੰ ਖੁੱਲ੍ਹਾ ਰੱਖਣ ਦੇ ਸਮੇਂ 'ਚ ਬਦਲਾਅ ਕੀਤੇ ਹਨ। ਉੱਥੇ ਹੀ ਨਾਗਪੁਰ 'ਚ ਵੀ ਇਕ ਹਫਤੇ ਦਾ ਲੌਕਡਾਊਨ ਚੱਲ ਰਿਹਾ ਹੈ। ਇਸ ਤੋਂ ਇਲਾਵਾ ਬੀਡ ਤੇ ਨਾਂਦੇੜ 'ਚ ਵੀ ਲੌਕਡਾਊਨ ਲਾਇਆ ਗਿਆ ਹੈ। ਗਾਈਡਲਾਈਨਜ਼ ਦੇ ਤਹਿਤ ਲੋਕਾਂ ਨੂੰ ਘਰੋਂ ਨਾ ਨਿੱਕਲਣ ਦੇ ਸਖਤ ਹੁਕਮ ਦਿੱਤੇ ਗਏ ਹਨ।