Corona Vaccine: ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਮਹਾਰਾਸ਼ਟਰ ਤੇ ਕੇਂਦਰ ਸਰਕਾਰ ਵਿਚਾਲੇ ਝਗੜਾ ਵਧਦਾ ਹੀ ਜਾ ਰਿਹਾ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਰਾਜ ਵਿੱਚ ਵੈਕਸੀਨ ਦੀ ਭਾਰੀ ਕਮੀ ਹੈ, ਇਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਰਾਜ ਨੂੰ ਵੈਕਸੀਨ ਦੀਆਂ ਸਿਰਫ਼ ਸਾਢੇ ਸੱਤ ਲੱਖ ਡੋਜ਼ ਹੀ ਦਿੱਤੀਆਂ ਹਨ। ਟੋਪੇ ਨੇ ਦਾਅਵਾ ਕੀਤਾ ਕਿ ਇਸ ਦੇ ਮੁਕਾਬਲੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਹਰਿਆਣਾ ਜਿਹੇ ਰਾਜਾਂ ਨੂੰ ਇਸ ਤੋਂ ਵੱਧ ਵੈਕਸੀਨ ਦੀਆਂ ਡੋਜ਼ ਦਿੱਤੀ ਗਈਆਂ ਹਨ।


ਰਾਜੇਸ਼ ਟੋਪੇ ਨੇ ਕਿਹਾ, ਮੈਂ ਵੈਕਸੀਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਗੱਲਬਾਤ ਕੀਤੀ ਹੈ। ਇੰਨਾ ਹੀ ਨਹੀਂ, ਐਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਵੀ ਹਰਸ਼ਵਰਧਨ ਨਾਲ ਗੱਲਬਾਤ ਕੀਤੀ ਹੈ। ਮਹਾਰਾਸ਼ਟਰ ਨਾਲ ਭੇਦਭਾਵ ਹੋ ਰਿਹਾ ਹੈ, ਉਹ ਵੀ ਅਜਿਹੇ ਵੇਲੇ ਜਦੋਂ ਮਹਾਰਾਸ਼ਟਰ ’ਚ ਕੋਰੋਨਾ ਸਭ ਤੋਂ ਵੱਧ ਤੇਜ਼ੀ ਨਾਲ ਵਧ ਰਿਹਾ ਹੈ ਤੇ ਸਾਡੇ ਕੋਲ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ ਵੱਧ ਹੈ। ਸਾਨੂੰ ਘੱਟ ਵੈਕਸੀਨ ਕਿਉਂ ਦਿੱਤੀ ਜਾ ਰਹੀ ਹੈ।


ਰਾਜੇਸ਼ ਟੋਪੇ ਨੇ ਅੱਗੇ ਕਿਹਾ, ਹਰਸ਼ਵਰਧਨ ਜੀ ਨੂੰ ਇਸ ਬਾਰੇ ਛੇਤੀ ਹੀ ਵਿਚਾਰ ਕਰਨਾ ਚਾਹੀਦਾ ਹੈ। ਅਸੀਂ ਉਡੀਕ ਕਰ ਰਹੇ ਹਾਂ। ਅਸੀਂ ਹਰ ਮਹੀਨੇ ਇੱਕ ਕਰੋੜ 60 ਲੱਖ ਵਿਅਕਤੀਆਂ ਨੂੰ ਅਤੇ ਹਰ ਹਫ਼ਤੇ 40 ਲੱਖ ਲੋਕਾਂ ਨੂੰ ਵੈਕਸੀਨ ਦੇਣਾ ਚਾਹੁੰਦੇ ਹਾਂ। ਕਿਉਂਕਿ ਅਸੀਂ ਰੋਜ਼ਾਨਾ ਤੇ ਲੱਖ ਲੋਕਾਂ ਨੂੰ ਵੈਕਸੀਨ ਲਾ ਰਹੇ ਹਾਂ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜੇਸ਼ ਟੋਪੇ ਨੇ ਕਿਹਾ ਸੀ ਕਿ ਸੂਬੇ ਕੋਲ ਕੋਰੋਨਾ ਟੀਕੇ ਦੀਆਂ 14 ਲੱਖ ਖ਼ੁਰਾਕਾਂ ਹੀ ਬਚੀਆਂ ਹਨ, ਜੋ ਤਿੰਨ ਦਿਨ ਹੀ ਚੱਲ ਸਕਣਗੀਆਂ ਅਤੇ ਟੀਕਿਆਂ ਦੀ ਘਾਟ ਕਾਰਣ ਕਈ ਟੀਕਾਕਰਣ ਕੇਂਦਰ ਬੰਦ ਕਰਨੇ ਪੈ ਰਹੇ ਹਾਂ। ਅਜਿਹੇ ਟੀਕਾਕਰਣ ਕੇਂਦਰਾਂ ਉੱਤੇ ਆ ਰਹੇ ਲੋਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਕਿਉਂਕਿ ਟੀਕੇ ਦੀਆਂ ਖ਼ੁਰਾਕਾਂ ਦੀ ਸਪਲਾਈ ਨਹੀਂ ਹੋਈ ਹੈ। ਸਾਨੂੰ ਹਰ ਹਫ਼ਤੇ 40 ਲੱਖ ਖ਼ੁਰਾਕਾਂ ਦੀ ਜ਼ਰੂਰਤ ਹੈ। ਇਸ ਨਾਲ ਅਸੀਂ ਇੱਕ ਹਫ਼ਤੇ ਵਿੱਚ ਰੋਜ਼ਾਨਾ ਛੇ ਲੱਖ ਖ਼ੁਰਾਕਾਂ ਦੇ ਸਕਾਂਗੇ।