ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਲਗਾਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਹੁਣ ਹਾਲਾਤ ਇਹ ਬਣ ਗਏ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਇੱਕ ਲੱਖ ਤੋਂ ਵੱਧ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਸ ਕਾਰਨ ਕੇਂਦਰ ਦੇ ਨਾਲ-ਨਾਲ ਰਾਜ ਸਰਕਾਰਾਂ ਵੀ ਪ੍ਰੇਸ਼ਾਨ ਹਨ। ਇਸੇ ਲੜੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ।
ਇਸ ਦੌਰਾਨ ਕੇਂਦਰ ਸਰਕਾਰ ਨੇ ਟੀਕਾਕਰਣ ਦੀ ਹੌਲੀ ਰਫ਼ਤਾਰ ਉੱਤੇ ਚਿੰਤਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਪੰਜਾਬ, ਮਹਾਰਾਸ਼ਟਰ ਤੇ ਦਿੱਲੀ ਸਰਕਾਰ ਵੱਲੋਂ ਵੈਕਸੀਨੇਸ਼ਨ ਦੀ ਡੋਜ਼ ਦੀ ਘਾਟ ਦੀ ਸ਼ਿਕਾਇਤ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਰਾਜਾਂ ਨੂੰ ਕੋਰੋਨਾ ਮਹਾਮਾਰੀ ਉੱਤੇ ਸਿਆਸਤ ਕਰਨ ਦੀ ਥਾਂ ਗੰਭੀਰਤਾ ਨਾਲ ਨਿਪਟਣ ਦੀ ਅਪੀਲ ਕੀਤੀ ਹੈ।
ਇੱਕ ਅੰਕੜੇ ਮੁਤਾਬਕ ਇਹ ਸੂਬੇ ਵੈਕਸੀਨ ਲਾਉਣ ਦੇ ਮਾਮਲੇ ’ਚ ਰਾਸ਼ਟਰੀ ਔਸਤ ਤੋਂ ਵੀ ਪਿੱਛੇ ਚੱਲ ਰਹੇ ਹਨ। ਇਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਨੂੰ ਇੱਕ ਚਿੱਠੀ ਵੀ ਲਿਖੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਮਨੋਹਰ ਅਗਨਾਨੀ ਨੇ ਮਹਾਰਾਸ਼ਟਰ, ਪੰਜਾਬ ਤੇ ਦਿੱਲੀ ਸਰਕਾਰ ਨੂੰ ਕੋਰੋਨਾ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕਰਨ ਲਈ ਕਿਹਾ ਹੈ। ਨਾਲ ਹੀ ਸਰਕਾਰ ਨੇ ਇਨ੍ਹਾਂ ਰਾਜਾਂ ਵਿੱਚ ਟੀਕਾ ਲਾਏ ਜਾਣ ਦੀ ਹੌਲੀ ਰਫ਼ਤਾਰ ਉੱਤੇ ਚਿੰਤਾ ਵੀ ਪ੍ਰਗਟਾਈ ਹੈ।
ਕੇਂਦਰੀ ਸਿਹਤ ਮੰਤਰੀ ਨੇ ਸਾਫ਼ ਕੀਤਾ ਸੀ ਕਿ ਕਿਸੇ ਵੀ ਰਾਜ ਵਿੱਚ ਵੈਕਸੀਨ ਦੀ ਘਾਟ ਨਹੀਂ ਹੈ। ਮਹਾਰਾਸ਼ਟਰ ਨੂੰ ਮਿਲੀਆਂ 1 ਕਰੋੜ 6 ਲੱਖ 19 ਹਜ਼ਾਰ 190 ਡੋਜ਼ ਵਿੱਚੋਂ ਵੇਸਟੇਜ ਮਿਲਾ ਕੇ 90 ਲੱਖ 53 ਹਜ਼ਾਰ 523 ਦੀ ਵਰਤੋਂ ਹੋਈ ਹੈ।
ਪੰਜਾਬ ’ਚ ਹੁਣ ਤੱਕ ਸਿਰਫ਼ 14 ਲੱਖ 94 ਹਜ਼ਾਰ 663 ਡੋਜ਼ ਦਾ ਉਪਯੋਗ ਹੋ ਸਕਿਆ ਹੈ; ਜਦ ਕਿ ਰਾਜ ਨੂੰ 22 ਲੱਖ 36 ਹਜ਼ਾਰ 770 ਡੋਜ਼ ਭੇਜੀਆਂ ਗਈਆਂ ਹਨ। ਇੰਝ ਹੀ ਦਿੱਲੀ ਨੂੰ 23 ਲੱਖ 70 ਹਜ਼ਾਰ 710 ਡੋਜ਼ ਮਿਲੇ ਹਨ। ਇੱਥੇ ਵੇਸਟੇਜ ਮਿਲਾ ਕੇ 18 ਲੱਖ 70 ਹਜ਼ਾਰ 662 ਡੋਜ਼ ਦੀ ਵਰਤੋਂ ਹੋਈ ਹੈ। ਫ਼ਿਲਹਾਲ ਦੇਸ਼ ਵਿੱਚ ਹੁਣ ਤੱਕ ਵੈਕਸੀਨ ਦੇ 9 ਕਰੋੜ ਤੋਂ ਵੱਧ ਡੋਜ਼ ਲਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Trade talks: ਭਾਰਤ ਤੇ ਕੈਨੇਡਾ ਵਿਚਾਲੇ 4 ਸਾਲਾਂ ਪਿੱਛੋਂ ਵਪਾਰਕ ਗੱਲਬਾਤ ਇਸੇ ਮਹੀਨੇ ਮੁੜ ਸ਼ੁਰੂ ਹੋਣ ਦੇ ਆਸਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904