ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਤੇ ਕੈਨੇਡਾ ਵਿਚਾਲੇ ਆਪਸੀ ਵਪਾਰਕ ਗੱਲਬਾਤ ਪਿਛਲੇ ਚਾਰ ਸਾਲਾਂ ਤੋਂ ਬੰਦ ਪਈ ਹੈ ਪਰ ਇਸੇ ਮਹੀਨੇ ਇਸ ਦੇ ਮੁੜ ਸ਼ੁਰੂ ਹੋਣ ਦੇ ਆਸਾਰ ਬਣਦੇ ਜਾ ਰਹੇ ਹਨ। ਇਸ ਰਸਮੀ ਗੱਲਬਾਤ ਦੌਰਾਨ ਕਿਸੇ ਛੋਟੇ ਵਪਾਰਕ ਸਮਝੌਤੇ ਉੱਤੇ ਹਸਤਾਖਰ ਕਰਨ ਦੀ ਸੰਭਾਵਨਾ ਦਾ ਪਤਾ ਲਾਇਆ ਜਾਵੇਗਾ। ਦੱਸ ਦੇਈਏ ਕਿ ਅਗਸਤ 2017 ’ਚ ਦੋਵੇਂ ਦੇਸ਼ਾਂ ਵਿਚਾਲੇ ਇਸ ਮਾਮਲੇ ਦੀ ਆਖ਼ਰੀ ਗੱਲਬਾਤ ਹੋਈ ਸੀ। ਭਾਰਤ ਤੇ ਕੈਨੇਡਾ ਨੇ ਸਾਲ 2010 ਦੌਰਾਨ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤੇ’ (CEPA) ਉੱਤੇ ਹਸਤਾਖਰ ਕੀਤੇ ਸਨ।
ਸੂਤਰਾਂ ਨੇ ਦੱਸਿਆ ਕਿ ਇਸ ਅਪ੍ਰੈਲ ਮਹੀਨੇ ਦੌਰਾਨ ਹੀ ਭਾਰਤ ਤੇ ਕੈਨੇਡਾ ਵਿਚਾਲੇ ਦੁਵੱਲੀ ਵਪਾਰਕ ਗੱਲਬਾਤ ਰਸਮੀ ਤੌਰ ਉੱਤੇ ਮੁੜ ਸ਼ੁਰੂ ਹੋ ਸਕਦੀ ਹੈ। ਉਂਝ ਭਾਵੇਂ ਹਾਲੇ ਅਜਿਹੀ ਕਿਸੇ ਗੱਲਬਾਤ ਲਈ ਕਿਸੇ ਰਸਮੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕੈਨੇਡੀਅਨ ਦੂਤਾਵਾਸ ’ਚ ਮੌਜੂਦ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਅਜਿਹੀ ਗੱਲਬਾਤ ਹੁਣ ਛੇਤੀ ਹੀ ਸ਼ੁਰੂ ਹੋ ਸਕਦੀ ਹੈ।
ਉੱਧਰ ਭਾਰਤ ਦੇ ਵਣਜ ਮੰਤਰਾਲੇ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਰੋਜ਼ਾਨਾ ‘ਮਿੰਟ’ ਵੱਲੋਂ ਪ੍ਰਕਾਸ਼ਿਤ ਅਸਿਤ ਰੰਜਨ ਮਿਸ਼ਰਾ ਦੀ ਰਿਪੋਰਟ ਅਨੁਸਾਰ ਪਿਛਲੇ ਵਰ੍ਹੇ ਜੂਨ ’ਚ ਇਸ ਮੁੱਦੇ ਉੱਤੇ ਗ਼ੈਰ ਰਸਮੀ ਗੱਲਬਾਤ ਹੋਈ ਸੀ। ਤਦ ਵੀ ਕਿਸੇ ਅੰਤ੍ਰਿਮ ਸਮਝੌਤੇ ਦੀ ਸੰਭਾਵਨਾ ਦੀ ਤਲਾਸ਼ ਕੀਤੀ ਗਈ ਸੀ। ਕੈਨੇਡਾ ਵੱਲੋਂ ਇਸ ਮਾਮਲੇ ਉੱਤੇ ਹਰ ਤਰ੍ਹਾਂ ਦੀ ਗੁੰਜਾਇਸ਼ ਬਾਰੇ ਇੱਕ ਪੇਪਰ ਵੀ ਸਾਂਝਾ ਕੀਤਾ ਸੀ।
ਭਾਰਤ ਨੇ ਉਂਝ ਪਹਿਲਾਂ ਯੂਰਪੀਅਨ ਯੂਨੀਅਨ ਤੇ ਇੰਗਲੈਂਡ ਨਾਲ ਵੀ ਮਿੰਨੀ ਵਪਾਰਕ ਸਮਝੌਤੇ ਕਰਨ ਦੀ ਇੱਛਾ ਪ੍ਰਗਟਾਈ ਸੀ ਪਰ ਇਸ ਮਾਮਲੇ ’ਚ ਹਾਲੇ ਤੱਕ ਕੋਈ ਬਹੁਤੀ ਪ੍ਰਗਤੀ ਨਹੀਂ ਹੋ ਸਕੀ। ਜ਼ਿਆਦਾਤਰ ਦੇਸ਼ ਹੁਣ ਭਾਰਤ ਨਾਲ ‘ਵਿਆਪਕ ਮੁਕਤ ਵਪਾਰ ਸਮਝੌਤਾ’ ਕਰਨ ਦੇ ਚਾਹਵਾਨ ਹਨ।
ਭਾਰਤੀ ਬਾਜ਼ਾਰ ਦੇ ਵੱਡੇ ਆਕਾਰ ਕਾਰਣ ਸਾਰੇ ਦੇਸ਼ਾਂ ਦਾ ਭਾਰਤ ਵੱਲ ਆਉਣ ਦਾ ਰੁਝਾਨ ਬੇਹੱਦ ਸੁਭਾਵਕ ਹੈ। ਕੈਨੇਡਾ ਸਰਕਾਰ ਨਿਰੰਤਰ ਇਹੋ ਚਾਹੁੰਦੀ ਰਹੀ ਹੈ ਕਿ ਭਾਰਤ ਸਰਕਾਰ ਨਾਲ ਵਪਾਰਕ ਸਮਝੌਤੇ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇ। ਕੈਨੇਡਾ ਦਾ ਬਾਜ਼ਾਰ ਕੋਈ ਬਹੁਤਾ ਵੱਡਾ ਨਹੀਂ ਹੈ ਤੇ ਉੱਥੇ ਭਾਰਤੀ ਵਸਤਾਂ ਲਈ ਕੋਈ ਬਹੁਤੀ ਮੰਗ ਵੀ ਨਹੀਂ। ਇਸੇ ਲਈ ਭਾਰਤ ਚਾਹੁੰਦਾ ਹੈ ਕਿ ਪ੍ਰਸਤਾਵਿਤ CEPA ਅਧੀਨ ਸੇਵਾਵਾਂ ਲਈ ਮਜ਼ਬੂਤ ਸਮਝੌਤਾ ਕੀਤਾ ਜਾਵੇ।
ਇਹ ਵੀ ਪੜ੍ਹੋ: ਲੰਡਨ 'ਚ ਪਤਨੀ ਨਾਲ ਕੁੱਟਮਾਰ ਮਗਰੋਂ ਪੰਜਾਬੀ ਗਾਇਕ Juggy D ਗ੍ਰਿਫ਼ਤਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904