ਡੇਰਾ ਬਾਬਾ ਨਾਨਕ: ਉੜੀਸਾ ਦੀ ਇੱਕ ਮਹਿਲਾ ਪਾਕਿਸਤਾਨੀ ਨੌਜਵਾਨ ਦੇ ਪਿਆਰ 'ਚ ਪਾਗਲ ਹੋ ਕਰਤਾਰਪੁਰ ਕੋਰੀਡੋਰ ਤੱਕ ਪਹੁੰਚ ਗਈ। ਮਹਿਲਾ ਪਾਕਿਸਤਾਨੀ ਮੁੰਡੇ ਨਾਲ ਪਿਆਰ ਵਿੱਚ ਇਸ ਕਦਰ ਪਾਗਲ ਹੋ ਗਈ ਕਿ ਉਹ ਉੜੀਸਾ ਤੋਂ ਆਪਣਾ ਘਰ ਛੱਡ ਕੇ ਪਾਕਿਸਤਾਨ ਬਾਰਡਰ ਪਾਰ ਕਰਨ ਲਈ ਡੇਰਾ ਬਾਬਾ ਨਾਨਕ ਪਹੁੰਚ ਗਈ। ਬੀਐਸਐਫ ਵੱਲੋਂ ਕਰਤਾਰਪੁਰ ਕੋਰੀਡੋਰ ਕੋਲ ਸ਼ੱਕੀ ਹਾਲਤ ਵਿੱਚ ਘੁੰਮਦੇ ਹੋਏ ਦੇਖਿਆ ਗਿਆ। ਜਿਥੋਂ ਮਹਿਲਾ ਕਾਂਸਟੇਬਲਾਂ ਦੀ ਮਦਦ ਨਾਲ ਉਸ ਨੂੰ ਹਿਰਾਸਤ ਲੈ ਕੇ ਡੇਰਾ ਬਾਬਾ ਨਾਨਕ ਪੁਲਿਸ ਦੇ ਹਵਾਲਾ ਕਰ ਦਿੱਤਾ ਗਿਆ। ਡੇਰਾ ਬਾਬਾ ਨਾਨਕ ਪੁਲਿਸ ਵਲੋਂ ਮਹਿਲਾ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਉਸ ਦੀ ਉਮਰ ਕਰੀਬ 25 ਸਾਲ ਹੈ ਤੇ ਉਹ ਪਿਛਲੇ ਛੇ ਸਾਲ ਤੋਂ ਸ਼ਾਦੀਸ਼ੁਦਾ ਸੀ। ਉਥੇ ਹੀ ਡੀਐਸਪੀ ਨੇ ਦੱਸਿਆ ਕਿ ਮਹਿਲਾ ਦੇ ਬਿਆਨ ਮੁਤਾਬਕ ਉਹ ਪਿਛਲੇ ਕਰੀਬ ਦੋ ਮਹੀਨੇ ਤੋਂ ਪਾਕਿਸਤਾਨ ਦੇ ਰਹਿਣ ਵਾਲੇ ਇਕ ਲੜਕੇ ਨਾਲ ਇੰਟਰਨੈੱਟ ਰਾਹੀਂ ਕਿਸੇ ਐਪ 'ਚ ਚੈਟ ਕਰਦੀ ਆ ਰਹੀ ਸੀ। ਬਾਅਦ 'ਚ ਇਸਲਾਮਾਬਾਦ ਪਾਕਿਸਤਾਨ ਦੇ ਉਸ ਲੜਕੇ ਮੁਹੰਮਦ ਵੱਕਾਰ ਨਾਲ ਵਟਸਐਪ ਜ਼ਰੀਏ ਗੱਲਬਾਤ ਸ਼ੁਰੂ ਹੋ ਗਈ। ਜਦਕਿ ਇਸ ਮਹਿਲਾ ਮੁਤਾਬਕ ਮੁਹੰਮਦ ਵੱਕਾਰ ਨੇ ਇਸ ਲੜਕੀ ਨੂੰ ਕਰਤਾਰਪੁਰ ਸਾਹਿਬ ਕੌਰੀਡੋਰ ਭਾਰਤ ਪਾਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਰਸਤੇ ਪਾਕਿਸਤਾਨ ਆਉਣ ਲਈ ਕਿਹਾ।
ਇਸ ਤੋਂ ਬਾਅਦ ਮਹਿਲਾ ਆਪਣੇ ਪੇਕੇ ਪਰਿਵਾਰ ਉੜੀਸਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਬੱਸ ਰਾਹੀਂ ਅੰਮ੍ਰਿਤਸਰ ਪਹੁੰਚੀ। 5 ਅਪ੍ਰੈਲ ਨੂੰ ਉਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਹੀ ਅਤੇ 6 ਅਪ੍ਰੈਲ ਨੂੰ ਬੱਸ ਰਾਹੀਂ ਡੇਰਾ ਬਾਬਾ ਨਾਨਕ ਪਹੁੰਚ ਗਈ। ਡੀਐਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਮਹਿਲਾ ਭਾਰਤ ਪਾਕਿਸਤਾਨ ਸਰਹੱਦ 'ਤੇ ਬਣੇ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ਜਦ ਪਹੁੰਚੀ ਤਾਂ ਬੀਐਸਐਫ ਨੇ ਇਸ ਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੋਰੋਨਾ ਕਰਕੇ ਇਹ ਕੋਰੀਡੋਰ ਬੰਦ ਹੈ ਅਤੇ ਬਿਨ੍ਹਾਂ ਪਾਸਪੋਰਟ ਪਾਕਿਸਤਾਨ ਜਾਣਾ ਅਸੰਭਵ ਹੈ।
ਬੀਐਸਐਫ ਨੇ ਇਸ ਬਾਬਤ ਡੇਰਾ ਬਾਬਾ ਨਾਨਕ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ।ਉਥੇ ਹੀ ਮਹਿਲਾ ਪਾਸੋਂ ਸੋਨੇ ਦੇ ਜ਼ੇਵਰਾਤ ਵੀ ਮਿਲੇ ਜੋ ਘਰ ਤੋਂ ਪਾਕਿਸਤਾਨ ਲੈ ਕੇ ਜਾਣ ਲਈ ਆਪਣੇ ਨਾਲ ਲੈ ਆਈ ਸੀ। ਬਾਅਦ ਵਿੱਚ ਪੁਲਿਸ ਵੱਲੋਂ ਉੜੀਸਾ 'ਚ ਸਬੰਧਤ ਥਾਣੇ ਨਾਲ ਸੰਪਰਕ ਕੀਤਾ ਗਿਆ ਅਤੇ ਪਤਾ ਲੱਗਾ ਕਿ ਮਹਿਲਾ ਦੇ ਪਤੀ ਵੱਲੋਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਗਈ ਹੈ। ਮਹਿਲਾ ਦੇ ਪਰਿਵਾਰ ਨਾਲ ਸੰਪਰਕ ਕਰਕੇ ਡੇਰਾ ਬਾਬਾ ਨਾਨਕ ਬੁਲਾਇਆ ਗਿਆ ਅਤੇ ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਕੋਲ ਭੇਜ ਦਿੱਤਾ ਗਿਆ ਹੈ।