ਮੁਖਤਾਰ ਅੰਸਾਰੀ ਕੇਸ 'ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ 'ਚ ਜਿਹੜੀਆਂ ਬਿਮਾਰੀਆਂ ਪਰੇਸ਼ਾਨ ਕਰ ਰਹੀਆਂ ਸੀ, ਉਹ ਸਭ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ 'ਚ ਠੀਕ ਪਾਇਆ ਗਿਆ। ਸਲਿੱਪ ਡਿਸਕਸ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਨਾਲ ਡਾਇਬਿਟੀਜ਼ ਦੀ ਜਾਂਚ ਕਰਨ ਤੋਂ ਬਾਅਦ, ਅੰਸਾਰੀ ਇੱਕ ਦਮ ਸਿਹਤਮੰਦ ਪਾਇਆ ਗਿਆ। ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਪਹੁੰਚਣ ਦੇ 15 ਘੰਟਿਆਂ 'ਚ ਹੀ ਮੁਖਤਾਰ ਅੰਸਾਰੀ ਦੀਆਂ ਸਾਰੀਆਂ ਬਿਮਾਰੀਆਂ ਖਤਮ ਹੋ ਗਈਆਂ।


 


ਅਕਤੂਬਰ 2020 'ਚ ਸੁਪਰੀਮ ਕੋਰਟ 'ਚ ਪੰਜਾਬ ਮੈਡੀਕਲ ਬੋਰਡ ਦੁਆਰਾ ਦਾਇਰ ਕੀਤੀ ਮੈਡੀਕਲ ਰਿਪੋਰਟ 'ਚ ਮੁਖਤਾਰ ਨੂੰ ਕਈ ਗੰਭੀਰ ਬੀਮਾਰੀਆਂ ਹੋਣ ਬਾਰੇ ਕਿਹਾ ਗਿਆ ਸੀ। ਰਿਪੋਰਟ 'ਚ ਦੱਸਿਆ ਗਿਆ ਸੀ ਕਿ ਮੁਖਤਾਰ ਅੰਸਾਰੀ ਨੂੰ ਸਲਿੱਪ ਡਿਸਕਸ, ਸ਼ੂਗਰ ਅਤੇ ਡਿਪਰੈਸ਼ਨ ਸਮੇਤ ਕਈ ਗੰਭੀਰ ਬਿਮਾਰੀਆਂ ਹਨ, ਇਸ ਲਈ ਉਸ ਨੂੰ ਤਿੰਨ ਮਹੀਨੇ ਦੇ ਬੈੱਡ ਰੈਸਟ 'ਤੇ ਰੱਖਣ ਦੀ ਲੋੜ ਹੈ।


 


ਪੰਜਾਬ ਮੈਡੀਕਲ ਬੋਰਡ ਦੀ ਮੈਡੀਕਲ ਰਿਪੋਰਟ ਵਿੱਚ ਮੁਖਤਾਰ ਅੰਸਾਰੀ ਨੂੰ 9 ਤੋਂ ਵੱਧ ਗੰਭੀਰ ਬਿਮਾਰੀਆਂ ਹੋਣ ਦੀ ਗੱਲ ਦੱਸੀ ਗਈ ਸੀ। ਰੋਪੜ ਤੋਂ ਬਾਂਦਾ ਜੇਲ੍ਹ ਤੋਂ ਤਕਰੀਬਨ 15 ਘੰਟੇ ਦੀ ਯਾਤਰਾ ਕਰਨ ਤੋਂ ਬਾਅਦ ਅੰਸਾਰੀ ਦੀ ਡਾਕਟਰੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੂੰ ਕਿਸੇ ਵੀ ਕਿਸਮ ਦੀ ਗੰਭੀਰ ਬਿਮਾਰੀ ਨਹੀਂ ਸੀ। ਮੁਖਤਾਰ ਨੂੰ ਯੂਪੀ 'ਚ ਕਰਵਾਏ ਗਏ ਮੈਡੀਕਲ ਜਾਂਚ ਦੀ ਰਿਪੋਰਟ 'ਚ ਪੂਰੀ ਤਰ੍ਹਾਂ ਫਿਟ ਦੱਸਿਆ ਗਿਆ ਹੈ।


 


ਰੋਪੜ ਜੇਲ੍ਹ ਅਧਿਕਾਰੀ ਇਸ ਮਾਮਲੇ ਵਿੱਚ ਹੁਣ ਕੁਝ ਵੀ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਜੇਲ੍ਹ ਅਧਿਕਾਰੀਆਂ ਅਨੁਸਾਰ ਮੁਖਤਿਆਰ ਦੀ ਡਾਕਟਰੀ ਜਾਂਚ ਨਿਯਮਾਂ ਅਨੁਸਾਰ ਕੀਤੀ ਗਈ ਸੀ। ਇਹ ਇਕ ਨਿਰੰਤਰ ਪ੍ਰਕਿਰਿਆ ਦੇ ਤਹਿਤ ਕੀਤਾ ਗਿਆ ਸੀ। ਮੈਡੀਕਲ ਬੋਰਡ ਦੇ ਇਰਾਦਿਆਂ 'ਤੇ ਸਵਾਲ ਉਠਾਉਣਾ ਉਚਿਤ ਨਹੀਂ ਹੈ। 


 


ਮੁਖਤਾਰ ਅੰਸਾਰੀ ਦੀ ਨਵਾਂ ਟਿਕਾਣਾ ਬਾਂਦਾ ਜੇਲ੍ਹ ਦੀ ਬੈਰਕ ਨੰਬਰ 16 ਹੈ। ਜਾਣਕਾਰੀ ਮੁਤਾਬਕ ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਉਧਰ ਜੇਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ।


 


ਬਾਂਦਾ ਜੇਲ੍ਹ ਵਿੱਚ ਡਰੋਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਇਨ੍ਹਾਂ ਕੈਮਰਿਆਂ ਨਾਲ ਅੰਸਾਰੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਏਗੀ।


 


ਇਸ ਤੋਂ ਇਲਾਵਾ ਅੰਸਾਰੀ ਦੇ ਬੈਰਕ ਤੇ ਉਸ ਦੇ ਸਾਹਮਣੇ ਕੇਵਲ ਉਹੀ ਜੇਲ੍ਹ ਕਰਮੀ ਜਾ ਸਕਣਗੇ ਜਿਨ੍ਹਾਂ ਨੇ ਬਾਡੀ ਵਾਰਨ ਕੈਮਰੇ ਪਾਏ ਹੋਣਗੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।