Coronavirus India: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਿੱਚ ਜਾਨਲੇਵਾ ਕੋਰੋਨਾਵਾਇਰਸ ਦੇ ਵੱਧ ਰਹੇ ਖ਼ਤਰੇ ਬਾਰੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਇੱਕ ਮੀਟਿੰਗ ਕਰਨਗੇ। ਕੋਰੋਨਾਵਾਇਰਸ ਦੀ ਰਫਤਾਰ ਦੇਸ਼ 'ਚ ਬੇਕਾਬੂ ਹੋ ਗਈ ਹੈ ਅਤੇ ਨਵੀਂ ਲਹਿਰ ਸਭ ਤੋਂ ਵੱਡੀ ਚੁਣੌਤੀ ਵਜੋਂ ਸਾਹਮਣੇ ਆਈ ਹੈ। ਦੇਸ਼ ਵਿੱਚ ਪਹਿਲੀ ਵਾਰ 24 ਘੰਟਿਆਂ ਵਿੱਚ ਇੱਕ ਲੱਖ ਤੋਂ ਵੱਧ ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ। ਇਹ ਮੀਟਿੰਗ ਅੱਜ ਸ਼ਾਮ 6.30 ਵਜੇ ਹੋਵੇਗੀ।


 


ਪੀਐਮ ਮੋਦੀ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਮੁੱਖ ਮੰਤਰੀਆਂ ਅਤੇ ਸਾਰੇ ਰਾਜਾਂ ਦੇ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਵਿਚਾਰ ਵਟਾਂਦਰੇ ਕਰਨਗੇ। ਦੋ ਦਿਨ ਪਹਿਲਾਂ ਪੀਐਮ ਮੋਦੀ ਨੇ ਇੱਕ ਕੋਰੋਨਾ ਸਮੀਖਿਆ ਬੈਠਕ ਕੀਤੀ ਸੀ, ਜਿਸ ਵਿੱਚ ਪੀਐਮ ਮੋਦੀ ਨੇ ਅਧਿਕਾਰੀਆਂ ਨੂੰ ਕੋਰੋਨਾ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਨ।


 


ਇਸ ਤੋਂ ਇਲਾਵਾ ਪੀਐਮ ਮੋਦੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੈਕਸੀਨੇਸ਼ਨ ਬਾਰੇ ਵੀ ਵਿਚਾਰ ਵਟਾਂਦਰੇ ਕਰਨਗੇ। ਸ਼ੁੱਕਰਵਾਰ ਨੂੰ ਕੈਬਨਿਟ ਸਕੱਤਰ, ਰਾਜੀਵ ਗੌਬਾ ਨਾਲ ਹਾਲ ਹੀ 'ਚ ਹੋਈ ਬੈਠਕ 'ਚ, 11 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਉਨ੍ਹਾਂ ਦੇ ਵਧ ਰਹੇ ਰੋਜ਼ਾਨਾ ਮਾਮਲਿਆਂ ਅਤੇ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਮਹਾਰਾਸ਼ਟਰ, ਪੰਜਾਬ, ਕਰਨਾਟਕ, ਕੇਰਲ, ਛੱਤੀਸਗੜ, ਚੰਡੀਗੜ੍ਹ, ਗੁਜਰਾਤ, ਮੱਧ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਹਰਿਆਣਾ ਨੂੰ ਗੰਭੀਰ ਚਿੰਤਾ ਵਾਲੇ ਸੂਬੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। 


 


ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 30 ਅਪ੍ਰੈਲ ਤਕ ਰਾਜਨੀਤਕ ਰੈਲੀਆਂ 'ਤੇ ਪੂਰਨ ਤਰ੍ਹਾਂ ਪਾਬੰਦੀ ਲਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਡੀਐਮਏ ਤੇ ਮਹਾਂਮਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇਗਾ।


 


ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਆਦੇਸ਼ਾਂ ਮੁਤਾਬਕ ਅੱਜ ਬੁੱਧਵਾਰ ਨੂੰ ਪੂਰੇ ਪੰਜਾਬ 'ਚ ਨਾਈਟ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ। ਨਾਈਟ ਕਰਫ਼ਿਊ ਰਾਤ 9 ਤੋਂ ਸਵੇਰੇ 5 ਵਜੇ ਤਕ ਜਾਰੀ ਰਹੇਗਾ। ਇਸ ਤੋਂ ਪਹਿਲਾਂ ਸੂਬੇ ਦੇ 12 ਜ਼ਿਲ੍ਹਿਆਂ 'ਚ ਨਾਈਕ ਕਰਫ਼ਿਊ ਲਾਇਆ ਗਿਆ ਸੀ। ਉੱਥੇ ਹੀ ਅੰਤਮ ਸੰਸਕਾਰ ਤੇ ਵਿਆਹ ਸਮਾਗਮਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟਾ ਕੇ ਬੰਦ ਥਾਂ 'ਤੇ 50 ਤੇ ਖੁੱਲ੍ਹੀ ਥਾਂ 'ਤੇ 100 ਕਰ ਦਿੱਤੀ ਗਈ ਹੈ। ਦਫ਼ਤਰ 'ਚ ਹਾਜ਼ਰ ਸਾਰੇ ਸਰਕਾਰੀ ਕਰਮਚਾਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ।