ਮਹਾਰਾਸ਼ਟਰ ਸਰਕਾਰ ਵਿੱਚ ਖੇਡ ਮੰਤਰੀ ਦੇ ਅਹੁਦੇ ਤੋਂ ਐਨਸੀਪੀ (ਅਜੀਤ ਪਵਾਰ ਗੁੱਟ) ਦੇ ਦਿੱਗਜ਼ ਨੇਤਾ ਮਾਣਿਕਰਾਓ ਕੋਕਾਟੇ (manikrao kokate) ਨੇ ਅਸਤੀਫਾ ਦੇ ਦਿੱਤਾ ਹੈ। ਕੋਕਾਟੇ ਅਤੇ ਉਨ੍ਹਾਂ ਦੇ ਭਰਾ ਖ਼ਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਇਸ ਅਸਤੀਫੇ ਬਾਰੇ ਜਾਣਕਾਰੀ ਮਹਾਰਾਸ਼ਟਰ ਦੇ ਡਿਪਟੀ ਸੀਐਮ ਅਜੀਤ ਪਵਾਰ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦਿੱਤੀ। ਉਨ੍ਹਾਂ ਨੇ ਅਸਤੀਫੇ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ ਕਿ ਸਾਡੀ ਪਾਰਟੀ ਲਈ ਕਾਨੂੰਨ ਦਾ ਰਾਜ ਸਭ ਤੋਂ ਉੱਪਰ ਹੈ।
ਅਜੀਤ ਪਵਾਰ ਨੇ ਕੀ ਕਿਹਾ?
ਡਿਪਟੀ ਸੀਐਮ ਅਜੀਤ ਪਵਾਰ ਨੇ ਅਸਤੀਫੇ ਦੀ ਕਾਪੀ ਸਾਂਝੀ ਕਰਦੇ ਹੋਏ ਲਿਖਿਆ, “ਮਹਾਰਾਸ਼ਟਰ ਦੇ ਕੈਬਿਨੇਟ ਮੰਤਰੀ ਅਤੇ ਮੇਰੀ ਪਾਰਟੀ ਦੇ ਸਾਥੀ ਮਾਣਿਕਰਾਓ ਕੋਕਾਟੇ ਨੇ ਮਾਨਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਮੈਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸਾਡੀ ਪਾਰਟੀ ਦੀ ਪੁਰਾਣੀ ਸੋਚ ਅਨੁਸਾਰ ਕਾਨੂੰਨ ਦਾ ਰਾਜ ਸਭ ਤੋਂ ਉੱਪਰ ਹੈ ਅਤੇ ਹਰ ਵਿਅਕਤੀ ਤੋਂ ਵੱਡਾ ਹੈ, ਇਸ ਲਈ ਅਸਤੀਫੇ ਨੂੰ ਸਿਧਾਂਤਕ ਤੌਰ ‘ਤੇ ਮਨਜ਼ੂਰ ਕਰ ਲਿਆ ਗਿਆ ਹੈ। ਮੈਂ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਕੋਕਾਟੇ ਦਾ ਅਸਤੀਫਾ ਅੱਗੇ ਦੀ ਕਾਰਵਾਈ ਅਤੇ ਮਨਜ਼ੂਰੀ ਲਈ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ।”
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ, “ਸਾਡੀ ਪਾਰਟੀ ਹਮੇਸ਼ਾ ਤੋਂ ਇਹ ਮੰਨਦੀ ਆਈ ਹੈ ਕਿ ਜਨਤਕ ਜੀਵਨ ਸੰਵਿਧਾਨਕ ਨੈਤਿਕਤਾ, ਸੰਸਥਾਗਤ ਇਮਾਨਦਾਰੀ ਅਤੇ ਨਿਆਂਪਾਲਿਕਾ ਦੇ ਸਨਮਾਨ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਅਸੀਂ ਕਾਨੂੰਨ ਦੇ ਰਾਜ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ, ਤਾਂ ਜੋ ਲੋਕਤੰਤਰਿਕ ਮੁੱਲਾਂ ਅਤੇ ਜਨਤਾ ਦੇ ਭਰੋਸੇ ਨੂੰ ਕਾਇਮ ਰੱਖਿਆ ਜਾ ਸਕੇ।”
ਦੱਸ ਦਈਏ ਮਾਣਿਕਰਾਓ ਕੋਕਾਟੇ ਦਾ ਅਸਤੀਫਾ ਰਾਜਪਾਲ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ।
ਭਾਜਪਾ ਨੇ ਕੀ ਕਿਹਾ?
ਭਾਜਪਾ ਮਹਾਰਾਸ਼ਟਰ ਦੇ ਮੁੱਖ ਬੁਲਾਰੇ ਨਵਨਾਥ ਬਨ ਨੇ ਕਿਹਾ, “ਮਾਣਿਕਰਾਓ ਕੋਕਾਟੇ ਤੋਂ ਉਨ੍ਹਾਂ ਦਾ ਵਿਭਾਗ ਬੁੱਧਵਾਰ ਨੂੰ ਹੀ ਮੁੱਖ ਮੰਤਰੀ ਦਵੇਂਦਰ ਫਡਨਵੀਸ ਨੇ ਵਾਪਸ ਲੈ ਲਿਆ ਸੀ। ਆਉਣ ਵਾਲੇ ਸਮੇਂ ਵਿੱਚ ਮਾਣਿਕਰਾਓ ਕੋਕਾਟੇ ਖ਼ਿਲਾਫ਼ ਲੋੜੀਂਦੀ ਕਾਰਵਾਈ ਹੁੰਦੀ ਹੋਈ ਵੇਖੋਗੇ। ਕਿਸੇ ਨੂੰ ਵੀ ਨਹੀਂ ਛੱਡਿਆ ਜਾਵੇਗਾ। ਇਹ ਦਵੇਂਦਰ ਫਡਨਵੀਸ ਦੀ ਸਰਕਾਰ ਹੈ।
ਜਦੋਂ ਅਦਾਲਤ ਨੇ ਕੋਕਾਟੇ ਨੂੰ ਸਜ਼ਾ ਸੁਣਾਈ, ਅਸੀਂ ਬਿਨਾਂ ਦੇਰੀ ਕੀਤੇ ਉਨ੍ਹਾਂ ਤੋਂ ਮੰਤਰਾਲਾ ਲੈ ਕੇ ਅਜੀਤ ਪਵਾਰ ਨੂੰ ਸੌਂਪ ਦਿੱਤਾ। ਅਸੀਂ ਕਿਸੇ ਵੀ ਕਾਰਵਾਈ ਤੋਂ ਭੱਜ ਨਹੀਂ ਰਹੇ। ਜਦੋਂ ਅਦਾਲਤ ਦੇ ਅੰਤਿਮ ਹੁਕਮ ਦੀ ਕਾਪੀ ਮਿਲ ਜਾਵੇਗੀ, ਤਦ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਖ਼ਿਲਾਫ਼ ਨਿਸ਼ਚਿਤ ਕਾਰਵਾਈ ਕਰਨਗੇ।”
ਸਜ਼ਾ ਕਿਉਂ ਹੋਈ?
ਕੋਕਾਟੇ ਨਾਸਿਕ ਦੇ ਸਿੰਨਰ ਹਲਕੇ ਤੋਂ ਪੰਜ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਨੂੰ 28 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਸਜ਼ਾ ਹੋਈ ਹੈ। ਨਾਸਿਕ ਸੈਸ਼ਨ ਕੋਰਟ ਨੇ ਫਲੈਟ ਘੋਟਾਲੇ ਮਾਮਲੇ ਵਿੱਚ ਉਨ੍ਹਾਂ ਨੂੰ ਸੁਣਾਈ ਗਈ 2 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਸਜ਼ਾ ਨੂੰ ਤੁਰੰਤ ਅਮਲ ਵਿੱਚ ਲਿਆਂਦੇ ਜਾਣ ਦੇ ਹੁਕਮ ਵੀ ਦਿੱਤੇ ਹਨ।
ਕੀ ਵਿਧਾਇਕੀ ਵੀ ਜਾਵੇਗੀ?
ਕੋਕਾਟੇ ਦਾ ਸਿਆਸੀ ਭਵਿੱਖ ਹੁਣ ਬੰਬੇ ਹਾਈ ਕੋਰਟ ਦੇ ਫੈਸਲੇ ‘ਤੇ ਨਿਰਭਰ ਕਰਦਾ ਹੈ। ਗ੍ਰਿਫ਼ਤਾਰੀ ਦੇ ਨਾਲ-ਨਾਲ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ‘ਤੇ ਵੀ ਖਤਰਾ ਮੰਡਰਾ ਰਿਹਾ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ 2 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਜਨ ਪ੍ਰਤੀਨਿਧਿਤਾ ਕਾਨੂੰਨ ਮੁਤਾਬਕ, ਜੇ ਕਿਸੇ ਸੰਸਦ ਮੈਂਬਰ ਜਾਂ ਵਿਧਾਇਕ ਨੂੰ 2 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। ਹਾਲਾਂਕਿ, ਫਿਲਹਾਲ ਵਿਧਾਨ ਸਭਾ ਸਕੱਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਅਦਾਲਤ ਦੇ ਹੁਕਮ ਦੀ ਕਾਪੀ ਮਿਲਣ ਤੋਂ ਬਾਅਦ ਹੀ ਕੋਕਾਟੇ ਦੀ ਮੈਂਬਰਸ਼ਿਪ ਬਾਰੇ ਕੋਈ ਫੈਸਲਾ ਲਿਆ ਜਾਵੇਗਾ।