Maharashtra New CM: ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਨਵੇਂ ਸੀਐੱਮ ਬਣ ਗਏ ਹਨ । ਮੁੱਖ ਮੰਤਰੀ ਵਜੋਂ ਉਹਨਾਂ ਨੇ ਸਹੁੰ ਚੁੱਕ ਲਈ ਹੈ ।  ਉੱਥੇ ਹੀ ਦੇਵੇਂਦਰ ਫੜਨਵੀਸ ਨੇ ਵੀ ਡਿਪਟੀ ਸੀਐੱਮ ਵਜੋਂ ਹਲਫ ਲਿਆ ਹੈ। 


ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਏਕਨਾਥ ਸ਼ਿੰਦੇ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੁਣ ਕੈਬਨਿਟ ਦਾ ਵਿਸਥਾਰ ਹੋਵੇਗਾ ਅਤੇ ਸ਼ਿਵ ਸੈਨਾ ਤੇ ਭਾਜਪਾ ਦੇ ਮੰਤਰੀ ਵੀ ਸਹੁੰ ਚੁੱਕਣਗੇ।



ਦੱਸ ਦੇਈਏ ਕਿ ਬੀਤੇ ਦਿਨ ਯਾਨੀ ਬੁੱਧਵਾਰ ਨੂੰ ਊਧਵ ਠਾਕਰੇ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਅੱਜ ਭਾਜਪਾ ਆਗੂ ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਨੇ ਰਾਜ ਭਵਨ ਜਾ ਕੇ ਰਾਜਪਾਲ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਦੇਵੇਂਦਰ ਫੜਨਵੀਸ ਅਤੇ ਏਕਨਾਥ ਸ਼ਿੰਦੇ ਨੇ ਰਾਜ ਭਵਨ 'ਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ।


ਦੇਵੇਂਦਰ ਫੜਨਵੀਸ ਨੇ ਏਕਨਾਥ ਸ਼ਿੰਦੇ ਦੇ ਨਾਂ ਦਾ ਕੀਤਾ ਸੀ ਐਲਾਨ 
ਪੀਸੀ ਦੌਰਾਨ ਭਾਜਪਾ ਆਗੂ ਦੇਵੇਂਦਰ ਫੜਨਵੀਸ, ਜਿਨ੍ਹਾਂ ਤੋਂ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਬਣਨ ਦੀ ਉਮੀਦ ਕੀਤੀ ਜਾ ਰਹੀ ਸੀ, ਨੇ ਵੱਡਾ ਐਲਾਨ ਕਰਦਿਆਂ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਦੇ ਨਾਂ ਦਾ ਐਲਾਨ ਨਵੇਂ ਮੁੱਖ ਮੰਤਰੀ ਵਜੋਂ ਕੀਤਾ। ਦੇਵੇਂਦਰ ਫੜਨਵੀਸ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਹ ਸਰਕਾਰ ਤੋਂ ਬਾਹਰ ਹੋ ਜਾਣਗੇ ਅਤੇ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਹੋਣਗੇ। ਹਾਲਾਂਕਿ ਬਾਅਦ 'ਚ ਭਾਜਪਾ ਦੇ ਚੋਟੀ ਦੇ ਨੇਤਾਵਾਂ ਦੇ ਕਹਿਣ 'ਤੇ ਦੇਵੇਂਦਰ ਫੜਨਵੀਸ ਉਪ ਮੁੱਖ ਮੰਤਰੀ ਬਣਨ ਲਈ ਰਾਜ਼ੀ ਹੋ ਗਏ।



ਏਕਨਾਥ ਸ਼ਿੰਦੇ ਨੇ ਫੜਨਵੀਸ ਦੀ ਕੀਤੀ ਤਾਰੀਫ 
ਸੀਐਮ ਦੇ ਨਾਮ ਦੇ ਐਲਾਨ ਤੋਂ ਬਾਅਦ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਾਬਕਾ ਸੀਐਮ ਫੜਨਵੀਸ ਨੇ ਵੱਡਾ ਦਿਲ ਦਿਖਾਇਆ ਹੈ। ਉਨ੍ਹਾਂ ਕਿਹਾ, "ਦਵਿੰਦਰ ਫੜਨਵੀਸ ਵਰਗਾ ਵਿਅਕਤੀ ਲੱਭਣਾ ਮੁਸ਼ਕਲ ਹੈ, ਜਿਸ ਕੋਲ 120 ਵਿਧਾਇਕ ਹਨ, ਅਜਿਹਾ ਕੋਈ ਨਹੀਂ ਕਰਦਾ। ਪੰਚਾਇਤ ਜਾਂ ਨਗਰ ਨਿਗਮ ਮੁਖੀ ਦਾ ਅਹੁਦਾ ਕੋਈ ਨਹੀਂ ਜਾਣ ਦਿੰਦਾ, ਇਹ ਤਾਂ ਮੁੱਖ ਮੰਤਰੀ ਦਾ ਅਹੁਦਾ ਹੈ।"