Maharashtra Politics : ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਅਤੇ ਊਧਵ ਠਾਕਰੇ ਦੇ ਧੜੇ ਨੂੰ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ (ਈਸੀਆਈ) ਨੇ ਦੋਵਾਂ ਤੋਂ ਬਹੁਮਤ ਸਾਬਤ ਕਰਨ ਲਈ ਦਸਤਾਵੇਜ਼ੀ ਸਬੂਤ ਮੰਗੇ ਹਨ। ਭਾਰਤੀ ਚੋਣ ਕਮਿਸ਼ਨ ਇਸ ਮਾਮਲੇ ਦੀ ਸੁਣਵਾਈ 8 ਅਗਸਤ ਨੂੰ ਕਰੇਗਾ। ਏਕਨਾਥ ਸ਼ਿੰਦੇ ਧੜੇ ਨੇ ਦਾਅਵਾ ਕੀਤਾ ਹੈ ਕਿ ਉਹ ਅਸਲੀ ਸ਼ਿਵ ਸੈਨਾ ਹਨ, ਜਦਕਿ ਊਧਵ ਠਾਕਰੇ ਧੜੇ ਨੇ ਇਸ ਨੂੰ ਸਖ਼ਤ ਚੁਣੌਤੀ ਦਿੱਤੀ ਹੈ।



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ਨੇ ਚੋਣ ਕਮਿਸ਼ਨ (ਈਸੀ) ਨੂੰ ਪੱਤਰ ਲਿਖ ਕੇ ਪਾਰਟੀ ਦਾ ਚੋਣ ਨਿਸ਼ਾਨ ‘ਧਨੁਸ਼-ਤੀਰ’ ਅਲਾਟ ਕਰਨ ਦੀ ਮੰਗ ਕੀਤੀ ਸੀ। ਏਕਨਾਥ ਸ਼ਿੰਦੇ ਖੇਮੇ ਨੇ ਚੋਣ ਕਮਿਸ਼ਨ ਨੂੰ ਲਿਖੇ ਆਪਣੇ ਪੱਤਰ ਵਿੱਚ 55 ਵਿੱਚੋਂ 40 ਵਿਧਾਇਕਾਂ ਅਤੇ 19 ਵਿੱਚੋਂ 12 ਲੋਕ ਸਭਾ ਸੰਸਦ ਮੈਂਬਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਹੈ। ਚੋਣ ਕਮਿਸ਼ਨ ਨੂੰ ਭੇਜੇ ਪੱਤਰ ਵਿੱਚ ਸ਼ਿੰਦੇ ਧੜੇ ਨੇ ਅਸਲੀ ਸ਼ਿਵ ਸੈਨਾ ਹੋਣ ਦਾ ਦਾਅਵਾ ਕੀਤਾ ਹੈ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਵੱਲੋਂ ਦਿੱਤੀ ਮਾਨਤਾ ਦਾ ਹਵਾਲਾ ਦਿੱਤਾ ਹੈ।

ਬਗ਼ਾਵਤ ਕਰਕੇ ਗਿਰਾਈ ਸੀ ਐਮਵੀਏ ਸਰਕਾਰ 

ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ 55 ਵਿੱਚੋਂ ਘੱਟੋ-ਘੱਟ 40 ਵਿਧਾਇਕਾਂ ਨੇ ਬਾਗੀ ਆਗੂ ਏਕਨਾਥ ਸ਼ਿੰਦੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਊਧਵ ਠਾਕਰੇ ਦੀ ਅਗਵਾਈ ਵਾਲੀ ਐਮਵੀਏ ਸਰਕਾਰ ਡਿੱਗ ਗਈ। ਏਕਨਾਥ ਸ਼ਿੰਦੇ ਨੇ 30 ਜੂਨ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਦੇ ਨਾਲ ਹੀ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਸੂਬੇ ਦੇ ਉਪ ਮੁੱਖ ਮੰਤਰੀ ਬਣ ਗਏ ਹਨ।

ਊਧਵ ਠਾਕਰੇ ਧੜੇ ਨੇ ਵੀ ਲਿਖੀ ਸੀ ਚਿੱਠੀ

ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਰਾਹੁਲ ਸ਼ੇਵਾਲੇ ਨੂੰ ਲੋਕ ਸਭਾ ਵਿੱਚ ਪਾਰਟੀ ਦਾ ਨੇਤਾ ਘੋਸ਼ਿਤ ਕੀਤਾ ਅਤੇ ਪੰਜ ਵਾਰ ਦੀ ਮੈਂਬਰ ਭਾਵਨਾ ਗਵਲੀ ਨੂੰ ਚੀਫ਼ ਵ੍ਹਿਪ ਦੇ ਰੂਪ ਵਿੱਚ ਬਰਕਰਾਰ ਰੱਖਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸ਼ੇਵਾਲੇ ਨੂੰ ਸੰਸਦ ਦੇ ਹੇਠਲੇ ਸਦਨ ਵਿੱਚ ਸ਼ਿਵ ਸੈਨਾ ਦੇ ਨੇਤਾ ਵਜੋਂ ਮਾਨਤਾ ਦਿੱਤੀ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ ਚੋਣ ਕਮਿਸ਼ਨ (ਈ.ਸੀ.ਆਈ.) ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਪਾਰਟੀ ਦੇ ਨਾਮ ਅਤੇ ਚੋਣ ਨਿਸ਼ਾਨ 'ਤੇ ਦਾਅਵੇ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਸ ਦੇ ਵਿਚਾਰ ਸੁਣੇ ਜਾਣ।