ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸ਼ਿਵ ਸੈਨਾ, ਐਨਸੀਪੀ ਤੇ ਕਾਂਗਰਸ ਦੀ ਸਰਕਾਰ ਬਣਾਉਣ ਲਈ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਸਾਰੀ ਖੇਡ ਹੀ ਪਲਟ ਗਈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਦੀ ਸਹੁੰ ਚੁਕਾਈ। ਉੱਧਰ ਹੁਣ ਸ਼ਰਦ ਪਵਾਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸਰਕਾਰ ਬਣਾਉਣ ਦਾ ਅੰਕੜਾ ਹੈ, ਬੀਜੇਪੀ ਸਰਕਾਰ ਬਣਾਉਣ ਲਈ ਬਹੁਮਤ ਸਾਬਿਤ ਨਹੀਂ ਕਰ ਪਾਏਗੀ।


ਐਨਸੀਪੀ-ਸ਼ਿਵ ਸੈਨਾ ਦੀ ਪ੍ਰੈਸ ਕਾਨਫਰੰਸ ਵਿੱਚ ਸ਼ਰਦ ਪਵਾਰ ਨੇ ਕਿਹਾ ਕਿ ਅਜੀਤ ਪਵਾਰ ਕੁਝ ਵਿਧਾਇਕਾਂ ਨਾਲ ਰਾਜ ਭਵਨ ਗਏ ਸੀ। ਮੈਨੂੰ ਸਵੇਰੇ ਅਜੀਤ ਦੇ ਸਹੁੰ ਖਾਣ ਦੀ ਖ਼ਬਰ ਮਿਲੀ। ਬੀਜੇਪੀ ਨੂੰ ਸਮਰਥਨ ਦੇਣ ਦਾ ਫੈਸਲਾ ਅਜੀਤ ਪਵਾਰ ਨੇ ਖੁਦ ਲਿਆ ਸੀ। ਐਨਸੀਪੀ ਅਜੀਤ ਦੇ ਫੈਸਲੇ ਨਾਲ ਨਹੀਂ ਹੈ। ਅਸੀਂ ਉਹ ਕਾਰਵਾਈ ਕਰਾਂਗੇ ਜੋ ਸਾਨੂੰ ਕਰਨੀ ਹੈ। ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਬੀਜੇਪੀ ਨੂੰ ਸਾਡਾ ਸਮਰਥਨ ਨਹੀਂ ਹੈ।


ਸ਼ਰਦ ਪਵਾਰ ਨੇ ਕਿਹਾ ਹੈ ਕਿ ਜੋ ਵਿਧਾਇਕ ਸਵੇਰੇ ਅਜੀਤ ਪਵਾਰ ਨਾਲ ਰਾਜ ਭਵਨ ਗਏ ਸੀ, ਉਹ ਹੁਣ ਮੇਰੇ ਨਾਲ ਹਨ। ਇਸ ਪ੍ਰੈਸ ਕਾਨਫਰੰਸ ਵਿੱਚ ਰਾਜ ਭਵਨ ਜਾਣ ਵਾਲੇ ਵਿਧਾਇਕ ਰਾਜੇਂਦਰ ਸਿੰਘਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਨੇ 54 ਵਿਧਾਇਕਾਂ ਨੂੰ ਸਮਰਥਨ ਦਾ ਪੱਤਰ ਦਿਖਾ ਕੇ ਝੂਠੀ ਸਹੁੰ ਚੁੱਕੀ ਹੈ। ਦੱਸ ਦੇਈਏ ਕਾਂਗਰਸ ਨੇ ਇਸ ਪ੍ਰੈਸ ਕਾਨਫਰੰਸ ਤੋਂ ਦੂਰੀ ਬਣਾਈ ਰੱਖੀ।


ਪ੍ਰੈਸ ਕਾਨਫਰੰਸ ਵਿੱਚ ਊਧਵ ਠਾਕਰੇ ਨੇ ਕਿਹਾ ਕਿ ਸਰਕਾਰ ਚੋਰੀ ਛੁਪੇ ਬਣਾਈ ਗਈ ਹੈ। ਦੇਸ਼ ਵਿੱਚ ਲੋਕਤੰਤਰ ਦੇ ਨਾਮ 'ਤੇ ਖੇਡਾਂ ਹੋ ਰਹੀਆਂ ਹਨ ਅਤੇ ਪੂਰਾ ਦੇਸ਼ ਇਸ ਖੇਡ ਨੂੰ ਵੇਖ ਰਿਹਾ ਹੈ। ਅਸੀਂ ਜਨਾਦੇਸ਼ ਦਾ ਸਤਿਕਾਰ ਕੀਤਾ ਹੈ। ਨਵੀਂ ਸਰਕਾਰ ਸਦਨ ਵਿੱਚ ਬਹੁਮਤ ਸਾਬਤ ਨਹੀਂ ਕਰ ਸਕੇਗੀ। ਬੀਜੇਪੀ ਲੋਕਾਂ ਨੂੰ ਤੋੜਦੀ ਹੈ ਅਤੇ ਅਸੀਂ ਲੋਕਾਂ ਨੂੰ ਜੋੜਦੇ ਹਾਂ। ਊਧਵ ਨੇ ਕਿਹਾ ਕਿ ਸਾਡੀ ਰਾਜਨੀਤੀ ਟੀਵੀ ਚੈਨਲਾਂ 'ਤੇ ਨਹੀਂ ਹੁੰਦੀ, ਸ਼ਿਵ ਸੈਨਾ ਜੋ ਕਰਦੀ ਹੈ ਉਹ ਖੁੱਲ੍ਹੇਆਮ ਕਰਦੀ ਹੈ।