ਮਹਾਰਾਸ਼ਟਰ: ਅੱਜ ਸਵੇਰੇ ਮਹਾਰਾਸ਼ਟਰ ਦੀ ਰਾਜਨੀਤੀ 'ਚਸਭ ਤੋਂ ਵੱਡਾ ਉਥਲ-ਪੁਥਲ ਆਇਆ ਹੈ। ਭਾਰਤੀ ਜਨਤਾ ਪਾਰਟੀ ਦੇ ਦੇਵੇਂਦਰ ਫੜਨਵੀਸ ਨੇ ਅੱਠ ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਹੁਣ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਇਸ ਮਾਮਲੇ 'ਚ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਸ਼ਰਦ ਪਵਾਰ ਨੇ ਟਵੀਟ ਕੀਤਾ, "ਮਹਾਰਾਸ਼ਟਰ 'ਚ ਬੀਜੇਪੀ ਦੀ ਸਰਕਾਰ ਬਣਾਉਣ ਲਈ ਭਾਜਪਾ ਦਾ ਸਮਰਥਨ ਕਰਨਾ ਅਜੀਤ ਪਵਾਰ ਦਾ ਆਪਣਾ ਨਿੱਜੀ ਫੈਸਲਾ ਹੈ ਨਾ ਕਿ ਐਨਸੀਪੀ ਦਾ। ਅਸੀਂ ਉਸ ਦੇ ਫੈਸਲੇ ਦਾ ਸਮਰਥਨ ਨਹੀਂ ਕਰਦੇ।"


ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਲਿਖਿਆ ਹੈ, '' ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਅਜੀਤ ਪਵਾਰ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ 'ਤੇ ਸਹੁੰ ਚੁੱਕਣ 'ਤੇ ਦੇਵੇਂਦਰ ਫੜਨਵੀਸ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਦੋਵੇਂ ਨੇਤਾ ਮਹਾਰਾਸ਼ਟਰ ਦੇ ਸੁਨਹਿਰੇ ਭਵਿੱਖ ਲਈ ਕੰਮ ਕਰਨਗੇ।


ਦੱਸ ਦੇਈਏ ਕਿ 24 ਅਕਤੂਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਨੂੰ ਤਕਰੀਬਨ ਇੱਕ ਮਹੀਨੇ ਬਾਅਦ ਮੁੱਖ ਮੰਤਰੀ ਮਿਲ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰ ਬਣਾਉਣ ਲਈ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਸੀ। ਢਾਈ ਸਾਲਾਂ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਸ਼ਿਵ ਸੈਨਾ ਦੇ ਦਾਅਵੇ ਤੋਂ ਬਾਅਦ ਭਾਜਪਾ-ਸ਼ਿਵ ਸੈਨਾ ਦੇ ਰਾਹ ਵੱਖ ਹੋ ਗਏ ਸੀ।