ਮੁੰਬਈ- ਮਹਾਰਾਸ਼ਟਰ 'ਚ ਰਾਜਨੀਤੀ ਦੀ ਤਸਵੀਰ ਰਾਤੋ ਰਾਤ ਬਦਲ ਗਈ ਹੈ। ਸੂਬੇ 'ਚ ਭਾਜਪਾ ਅਤੇ ਐਨਸੀਪੀ ਦੀ ਸਰਕਾਰ ਬਣੀ ਹੈ। ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਐਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦੋਵਾਂ ਨੇਤਾਵਾਂ ਨੇ ਅੱਜ ਸਵੇਰੇ ਅੱਠ ਵਜੇ ਸਹੁੰ ਚੁੱਕੀ।

ਸੂਤਰਾਂ ਮੁਤਾਬਕ ਅਜੀਤ ਪਵਾਰ ਬਾਗੀ ਹੋ ਗਏ ਹਨ। ਐਨਸੀਪੀ ਦਾ ਇੱਕ ਹਿੱਸਾ ਭਾਜਪਾ ਨਾਲ ਗਿਆ ਹੈ। ਹੁਣ ਭਾਜਪਾ ਨੂੰ ਫਲੋਰ ਟੈਸਟ 'ਤੇ ਬਹੁਮਤ ਸਾਬਤ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਅਜੀਤ ਪਵਾਰ ਕੋਲ ਨੰਬਰ ਹਨ।

ਸਹੁੰ ਚੁੱਕਣ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਕਿਹਾ ਹੈ, "ਮਹਾਰਾਸ਼ਟਰ ਦੇ ਲੋਕਾਂ ਨੇ ਸਾਫ਼ ਆਦੇਸ਼ ਦਿੱਤਾ ਸੀ। ਸਾਡੇ ਨਾਲ ਲੜਨ ਵਾਲੀ ਸ਼ਿਵ ਸੈਨਾ ਨੇ ਉਸ ਹੁਕਮ ਨੂੰ ਠੁਕਰਾ ਦਿੱਤਾ ਅਤੇ ਕਿਤੇ ਹੋਰ ਗੱਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ। ਮਹਾਰਾਸ਼ਟਰ ਨੂੰ ਸਥਿਰ ਸ਼ਾਸਨ ਦੀ ਜ਼ਰੂਰਤ ਸੀ। ਮੈਂ ਮਹਾਰਾਸ਼ਟਰ ਨੂੰ ਸਥਾਈ ਸਰਕਾਰ ਦੇਣ ਦਾ ਫੈਸਲਾ ਕਰਨ ਲਈ ਅਜੀਤ ਪਵਾਰ ਦਾ ਧੰਨਵਾਦ ਕਰਦਾ ਹਾਂ।"


ਸਹੁੰ ਚੁੱਕਣ ਤੋਂ ਬਾਅਦ ਅਜੀਤ ਪਵਾਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਤੁਸੀਂ ਵੇਖਿਆ ਕਿ ਚੋਣ ਨਤੀਜੇ 24 ਤਰੀਕ ਨੂੰ ਆਏ, ਪਰ ਕੋਈ ਸਰਕਾਰ ਨਹੀਂ ਬਣ ਸਕੀ। ਮਹਾਰਾਸ਼ਟਰ ਦੇ ਲੋਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਸਰਕਾਰ ਬਣਾਉਣ ਦਾ ਫੈਸਲਾ ਲਿਆ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਵਧਾਈ ਦਿੱਤੀ ਹੈ। ਇਸਦੇ ਨਾਲ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਟਵੀਟ ਕਰ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼੍ਰੀ ਅਜੀਤ ਪਵਾਰ ਨੂੰ ਰਾਜ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਦੇਵੇਂਦਰ ਫੜਨਵੀਸ ਜੀ ਨੂੰ ਦਿਲੋਂ ਵਧਾਈਆਂ।