ਡਰਬਨ: ਦੱਖਣੀ ਅਫ਼ਰੀਕਾ ਦੇ ਡਰਬਨ 'ਚ ਇਕ ਅਦਾਲਤ ਨੇ ਮਹਾਤਮਾ ਗਾਂਧੀ ਦੀ ਪੜਪੋਤੀ ਅਸ਼ੀਸ਼ ਲਤਾ ਰਾਮਗੋਬਿਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ 6.2 ਮਿਲੀਅਨ ਰੈਂਡ (ਅਫ਼ਰੀਕੀ ਕਰੰਸੀ) ਮਤਲਬ ਲਗਪਗ 3.22 ਕਰੋੜ ਰੁਪਏ ਦੀ ਧੋਖਾਧੜੀ ਤੇ ਜਾਅਲਸਾਜ਼ੀ ਲਈ ਦੋਸ਼ੀ ਪਾਇਆ ਹੈ।


56 ਸਾਲਾ ਅਸ਼ੀਸ਼ ਲਤਾ ਰਾਮਗੋਬਿਨ 'ਤੇ ਦੋਸ਼ ਹੈ ਕਿ ਉਸ ਨੇ ਕਾਰੋਬਾਰੀ ਐਸਆਰ ਮਹਾਰਾਜ ਨੂੰ ਧੋਖਾ ਦਿੱਤਾ ਸੀ। ਐਸਆਰ ਮਹਾਰਾਜ ਨੇ ਉਸ ਨੂੰ ਭਾਰਤ 'ਚ ਮੌਜੂਦ ਇਕ ਖੇਪ ਲਈ ਦਰਾਮਦ ਅਤੇ ਕਸਟਮ ਡਿਊਟੀ ਵਜੋਂ ਪੇਸ਼ਗੀ ਵਿੱਚ 6.2 ਮਿਲੀਅਨ ਰੈਂਡ (ਅਫ਼ਰੀਕੀ ਮੁਦਰਾ) ਦਿੱਤੇ ਸਨ। ਅਸ਼ੀਸ਼ ਲਤਾ ਰਾਮਗੋਬਿਨ ਨੇ ਉਸ ਲਾਭ 'ਚ ਹਿੱਸੇਦਾਰੀ ਦੇਣ ਦੀ ਗੱਲ ਕਹੀ ਸੀ।


ਅਸ਼ੀਸ਼ ਲਤਾ ਰਾਮਗੋਬਿਨ ਮਸ਼ਹੂਰ ਕਾਰਕੁਨ ਈਲਾ ਗਾਂਧੀ ਤੇ ਮਰਹੂਮ ਮੇਵਾ ਰਾਮਗੋਵਿੰਦ ਦੀ ਧੀ ਹੈ, ਜਿਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਆਪਣੇ ਕਾਰਜਕਾਲ ਦੌਰਾਨ ਮਹਾਤਮਾ ਗਾਂਧੀ ਵੱਲੋਂ ਸਥਾਪਤ ਫੀਨਿਕਸ ਸੈਟਲਮੈਂਟ ਨੂੰ ਮੁੜ ਸੁਰਜੀਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ।


ਧੋਖਾਧੜੀ ਦਾ ਸ਼ਿਕਾਰ ਹੋਏ ਐਸਆਰ ਮਹਾਰਾਜ ਨੇ ਦੱਸਿਆ ਕਿ ਲਤਾ ਨੇ ਉਸ ਨੂੰ ਮੁਨਾਫ਼ੇ ਦਾ ਲਾਲਸਾ ਦੇ ਕੇ ਉਨ੍ਹਾਂ ਤੋਂ ਪੈਸੇ ਲਏ ਸਨ। ਮਹਾਰਾਜ ਨੇ ਲਤਾ ਨੂੰ ਇਕ ਖੇਪ ਦੀ ਦਰਾਮਦ ਅਤੇ ਕਸਟਮ ਕਲੀਅਰੈਂਸ ਲਈ 6.2 ਮਿਲੀਅਨ ਰੈਂਡ ਦਿੱਤੇ ਸਨ ਤੇ ਲਤਾ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਦੇ ਮੁਨਾਫੇ ਦਾ ਕੁਝ ਹਿੱਸਾ ਐਸਆਰ ਮਹਾਰਾਜ ਨੂੰ ਦੇਵੇਗੀ, ਜਦਕਿ ਅਜਿਹੀ ਕੋਈ ਖੇਪ ਹੈ ਹੀ ਨਹੀਂ ਸੀ।


ਸਾਲ 2015 'ਚ ਲਤਾ ਰਾਮਗੋਬਿਨ ਦੇ ਖ਼ਿਲਾਫ਼ ਕੇਸ ਦੀ ਸੁਣਵਾਈ ਦੌਰਾਨ ਨੈਸ਼ਨਲ ਪ੍ਰੌਸੀਕਿਊਟਿੰਗ ਅਥਾਰਟੀ (ਐਨਪੀਏ) ਦੇ ਬ੍ਰਿਗੇਡੀਅਰ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਅਸ਼ੀਸ਼ ਲਤਾ ਰਾਮਗੋਬਿਨ ਨੇ ਸੰਭਾਵਿਤ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਜਾਅਲੀ ਚਲਾਨ ਅਤੇ ਦਸਤਾਵੇਜ਼ ਦਿੱਤੇ ਸਨ। ਜਿਸ ਦੇ ਜ਼ਰੀਏ ਉਸ ਨੇ ਨਿਵੇਸ਼ਕਾਂ ਨੂੰ ਦੱਸਿਆ ਸੀ ਕਿ ਲਿਨਨ ਦੇ ਤਿੰਨ ਕੰਟੇਨਰ ਭਾਰਤ ਤੋਂ ਭੇਜੇ ਜਾ ਰਹੇ ਹਨ।


ਐਨਪੀਏ ਦੀ ਬੁਲਾਰਨ ਨਤਾਸ਼ਾ ਕਾਰਾ ਨੇ ਸੋਮਵਾਰ ਨੂੰ ਕਿਹਾ, "ਲਤਾ ਰਾਮਗੋਬਿਨ ਨੇ ਕਿਹਾ ਸੀ ਕਿ ਉਸ ਨੂੰ ਦਰਾਮਦ ਦੀ ਲਾਗਤ ਅਤੇ ਕਸਟਮ ਡਿਊਟੀ ਅਦਾ ਕਰਨ ਲਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।। ਉਸ ਨੂੰ ਪੋਰਟ ਉੱਤੇ ਸਾਮਾਨ ਖਾਲੀ ਕਰਨ ਲਈ ਪੈਸੇ ਦੀ ਜ਼ਰੂਰਤ ਸੀ।" ਇਸ ਤੋਂ ਬਾਅਦ ਲਤਾ ਰਾਮਗੋਬਿਨ ਨੇ ਮਹਾਰਾਜ ਨੂੰ ਦੱਸਿਆ ਸੀ ਕਿ ਉਸ ਨੂੰ 6.2 ਮਿਲੀਅਨ ਰੈਂਡ ਦੀ ਜ਼ਰੂਰਤ ਹੈ।


ਉਨ੍ਹਾਂ ਨੂੰ ਸਮਝਾਉਣ ਲਈ ਇਸ ਨਾਲ ਸਬੰਧਤ ਦਸਤਾਵੇਜ਼ ਵੀ ਵਿਖਾਏ ਗਏ। ਇਸ 'ਚ ਮਾਲ ਦੀ ਖਰੀਦ ਨਾਲ ਸਬੰਧਤ ਦਸਤਾਵੇਜ਼ ਸਨ। ਇਕ ਮਹੀਨੇ ਬਾਅਦ ਲਤਾ ਰਾਮਗੋਬਿਨ ਨੇ ਐਸ.ਆਰ. ਮਹਾਰਾਜ ਨੂੰ ਇੱਕ ਹੋਰ ਦਸਤਾਵੇਜ਼ ਭੇਜਿਆ, ਜੋ ਨੇਟਕੇਅਰ ਚਾਲਾਨ ਸੀ, ਜਿਸ ਤੋਂ ਇਹ ਪਤਾ ਲੱਗਦਾ ਸੀ ਕਿ ਮਾਲ ਭੇਜ ਦਿੱਤਾ ਗਿਆ ਸੀ ਅਤੇ ਉਸ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: SOP for Overseas Travelers: ਵਿਦੇਸ਼ ਜਾਣ ਵਾਲਿਆਂ ਲਈ ਕੇਂਦਰ ਸਰਕਾਰ ਦੀਆਂ ਨਵੀਆਂ ਗਾਈਡਲਾਈਨਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904