Mahendragarh Bus Accident: ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦੇ ਦਰੱਖਤ ਨਾਲ ਟਕਰਾਉਣ ਅਤੇ ਪਲਟ ਜਾਣ ਕਾਰਨ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਕਰੀਬ 20 ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ


ਪੁਲਿਸ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਬੱਸ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਜਿਸ ਵੇਲੇ ਹਾਦਸਾ ਵਾਪਰਿਆ, ਉਸ ਵੇਲੇ ਬੱਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਸੂਬੇ ਦੀ ਸਿੱਖਿਆ ਮੰਤਰੀ ਸੀਮਾ ਤ੍ਰਿਖਾ ਨੇ ਹਸਪਤਾਲਾਂ ਵਿੱਚ ਦਾਖਲ ਜ਼ਖ਼ਮੀ ਵਿਦਿਆਰਥੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਪੁੱਛਿਆ ਗਿਆ ਹੈ ਕਿ ਈਦ ਮੌਕੇ ਛੁੱਟੀ ਹੋਣ ਦੇ ਬਾਵਜੂਦ ਸਕੂਲ ਕਿਵੇਂ ਖੋਲ੍ਹਿਆ ਗਿਆ।


ਦੱਸ ਦਈਏ ਕਿ ਇਹ ਘਟਨਾ ਸਵੇਰੇ 8.30 ਵਜੇ ਕਨੀਨਾ ਦੇ ਉਨਹਾਣੀ ਪਿੰਡ ਨੇੜੇ ਉਸ ਵੇਲੇ ਵਾਪਰੀ, ਜਦੋਂ ਬੱਸ ਪ੍ਰਾਇਮਰੀ ਤੋਂ ਸੈਕੰਡਰੀ ਜਮਾਤਾਂ ਦੇ 40 ਦੇ ਕਰੀਬ ਬੱਚਿਆਂ ਨੂੰ ਲੈ ਕੇ ਜੀ ਐਲ ਪਬਲਿਕ ਸਕੂਲ ਜਾ ਰਹੀ ਸੀ।ਪੁਲਿਸ ਨੇ ਦੱਸਿਆ ਕਿ ਡਰਾਈਵਰ ਧਰਮਿੰਦਰ ਬੱਸ ਨੂੰ ਤੇਜ਼ੀ ਨਾਲ ਚਲਾ ਰਿਹਾ ਸੀ ਅਤੇ ਉਸ ਨੇ ਬੱਸ 'ਤੇ ਕੰਟਰੋਲ ਗੁਆ ਦਿੱਤਾ ਅਤੇ ਇਹ ਦਰੱਖਤ ਨਾਲ ਟਕਰਾ ਕੇ ਪਲਟ ਗਈ। ਮਹਿੰਦਰਗੜ੍ਹ ਦੇ ਐਸਪੀ ਅਰਸ਼ ਵਰਮਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਛੇ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦੋਂਕਿ 20 ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋਏ ਹਨ।


ਇਹ ਵੀ ਪੜ੍ਹੋ: CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਲਈ ਅਸਾਮ ਦੌਰੇ 'ਤੇ, ਕਰਨਗੇ ਚੋਣ ਪ੍ਰਚਾਰ


ਪੁਲਿਸ ਨੇ ਦੱਸਿਆ ਕਿ ਡਰਾਈਵਰ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਮੈਡੀਕਲ ਜਾਂਚ ਤੋਂ ਪੁਸ਼ਟੀ ਹੋਈ ਹੈ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ। ਪੁਲਿਸ ਨੇ ਸਕੂਲ ਦੀ ਮੁੱਖ ਅਧਿਆਪਕਾ ਦੀਪਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਸਕੂਲ ਦੇ ਇੱਕ ਹੋਰ ਅਧਿਕਾਰੀ ਹੁਸ਼ਿਆਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।


ਘਟਨਾ ਵਾਲੀ ਥਾਂ 'ਤੇ ਸੀ ਦਿਲ ਦਹਿਲਾਉਣ ਵਾਲਾ ਦ੍ਰਿਸ਼
ਘਟਨਾ ਵਾਲੀ ਥਾਂ 'ਤੇ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਸੀ, ਜਿੱਥੇ ਸਕੂਲ ਦੇ ਬੈਗ, ਜੁੱਤੇ, ਪਾਣੀ ਦੀਆਂ ਬੋਤਲਾਂ ਅਤੇ ਕਾਪੀਆਂ-ਕਿਤਾਬਾਂ ਸੜਕ 'ਤੇ ਖਿੱਲਰੀਆਂ ਪਈਆਂ ਸਨ। ਘਟਨਾ ਤੋਂ ਬਾਅਦ ਬੱਚਿਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਮਦਦ ਲਈ ਦੌੜ ਕੇ ਬੱਚਿਆਂ ਨੂੰ ਬੁਰੀ ਤਰ੍ਹਾਂ ਨੁਕਸਾਨੀ ਬੱਸ ਵਿੱਚੋਂ ਬਾਹਰ ਕੱਢਿਆ।


ਇਕ ਜ਼ਖਮੀ ਵਿਦਿਆਰਥੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਅਤੇ ਉਹ ਬੱਸ ਦਾ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਦਰੱਖਤ ਨਾਲ ਜਾ ਟਕਰਾਈ। “ਬੱਸ ਡਰਾਈਵਰ ਸ਼ਰਾਬੀ ਲੱਗ ਰਿਹਾ ਸੀ।”


ਇਹ ਵੀ ਪੜ੍ਹੋ: Vaisakhi 2024: ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜ਼ਾ ਲੱਗੇ ਪਾਸਪੋਰਟ ਕੀਤੇ ਪ੍ਰਾਪਤ, 13 ਅਪ੍ਰੈਲ ਨੂੰ ਸਵੇਰੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ ਜੱਥਾ