ਸੋਨੀਪਤ: ਦਿੱਲੀ-ਹਰਿਆਣਾ ਦੀ ਸਿੰਘੂ ਹੱਦ (Singhu Border)) 'ਤੇ ਖੇਤੀ ਕਾਨੂੰਨਾਂ ਖਿਲਾਫ (Farmers Protest against Farm Laws) ਕਿਸਾਨ ਲਗਾਤਾਰ ਡਟੇ ਹੋਏ ਹਨ। ਬੀਤੇ ਕੁਝ ਦਿਨਾਂ ਤੋਂ ਕਿਸਾਨਾਂ ਵੱਲੋਂ ਹਾਈਵੇ ਕੋਲ ਪੱਕੇ ਮਕਾਨ ਬਣਾਉਣ ਤੇ ਪਾਣੀ ਲਈ ਬੋਰਵੈਲ ਕਰਾਉਣ ਮਗਰੋਂ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ। ਹੁਣ ਪ੍ਰਸਾਸ਼ਨ ਨੇ ਕਿਸਾਨਾਂ ਵਿਰੁੱਧ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ।
ਦੱਸ ਦਈਏ ਕਿ ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਨੇ ਹਾਈਵੇ 'ਤੇ ਪੱਕੇ ਮਕਾਨ ਬਣਾਉਣ ਤੇ ਸੜਕ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਤਹਿਤ ਮੁਕੱਦਮਾ ਦਾਇਰ ਕੀਤਾ ਹੈ। ਉਧਰ ਮਿਊਂਸਪਲ ਸੈਕਟਰੀ ਨੇ ਬਗੈਰ ਇਜਾਜ਼ਤ ਜਨਤਕ ਜਾਇਦਾਦ 'ਤੇ ਬੋਰ ਕਰਨ ਦਾ ਮੁਕੱਦਮਾ ਦਾਇਰ ਕੀਤਾ ਹੈ। ਇਹੀ ਨਹੀਂ ਇਸ ਦੇ ਨਾਲ ਹੀ ਪੁਲਿਸ ਨੇ ਉਸਾਰੀ ਤੇ ਬੋਰਵੈਲ ਦਾ ਕੰਮ ਵੀ ਬੰਦ ਕਰ ਦਿੱਤਾ ਹੈ।
ਐਨਐਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਆਨੰਦ ਕੁਮਾਰ ਨੇ ਕੁੰਡਲੀ ਥਾਣੇ 'ਚ ਸ਼ਿਕਾਇਤ ਦਿੱਤੀ ਹੈ ਕਿ ਕੁਝ ਲੋਕਾਂ ਨੇ ਕੁੰਡਲੀ ਪਿੰਡ ਨੇੜੇ ਸਥਿਤ ਇੱਕ ਕਾਰ ਕੰਪਨੀ ਦੇ ਸਾਹਮਣੇ ਹਾਈਵੇ 'ਤੇ ਗੈਰਕਨੂੰਨੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਹਾਈਵੇ 'ਤੇ ਇੱਟਾਂ ਨਾਲ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਕਰਕੇ ਹਾਈਵੇ ਨੂੰ ਵੀ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਪੁਲਿਸ ਟੀਮ ਨੂੰ ਨਾਜਾਇਜ਼ ਕਬਜ਼ੇ ਦੀਆਂ ਫੋਟੋਆਂ ਵੀ ਦਿੱਤੀਆਂ ਹਨ। ਇਸ 'ਤੇ ਕੁੰਡਲੀ ਪੁਲਿਸ ਸਟੇਸ਼ਨ ਨੇ ਅਨੰਦ ਸਿੰਘ ਦੇ ਬਿਆਨਾਂ 'ਤੇ ਆਈਪੀਸੀ ਦੀ ਧਾਰਾ 283, 431 ਤੇ 8 ਬੀ ਨੈਸ਼ਨਲ ਹਾਈਵੇਅ ਐਕਟ-1956 ਤਹਿਤ ਕੇਸ ਦਰਜ ਕੀਤਾ ਹੈ।
ਇਸ ਦੇ ਨਾਲ ਹੀ ਕੁੰਡਲੀ ਨਗਰ ਪਾਲਿਕਾ ਦੇ ਸਕੱਤਰ ਪਵਨ ਕੁਮਾਰ ਨੇ ਕੁੰਡਲੀ ਥਾਣੇ ਵਿੱਚ ਸ਼ਿਕਾਇਤ ਕੀਤੀ ਹੈ ਕਿ ਕਿਸਾਨਾਂ ਨੇ ਹਾਈਵੇ ਨੇੜੇ ਕੇਐਫਸੀ ਸਾਹਮਣੇ ਖਾਲੀ ਪਈ ਜ਼ਮੀਨ ‘ਤੇ ਬੋਰਵੈਲ ਲਾਇਆ ਹੈ। ਇਸ ਲਈ ਉਨ੍ਹਾਂ ਨੇ ਕੋਈ ਇਜਾਜ਼ਤ ਨਹੀਂ ਲਈ। ਇਸ ਲਈ ਉਨ੍ਹਾਂ ਪੰਜਾਬ ਦੇ ਕਿਸਾਨ ਕਰਮ ਸਿੰਘ ਖਿਲਾਫ ਸ਼ਿਕਾਇਤ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਗਰ ਪਾਲਿਕਾ ਇੰਜਨੀਅਰ ਕੁੰਡਲੀ ਵੱਲੋਂ ਕਿਸਾਨਾਂ ਨੂੰ ਬੋਰ ਕਰਵਾਏ ਜਾਣ ਤੋਂ ਇਨਕਾਰ ਕਰਨ ਦੇ ਬਾਵਜੂਦ ਅਜੇ ਵੀ ਬੋਰਵੈਲ ਕੀਤਾ ਜਾ ਰਿਹਾ ਹੈ। ਇਸ 'ਤੇ ਪੁਲਿਸ ਨੇ ਕਰਮ ਸਿੰਘ ਤੇ ਹੋਰਨਾਂ ਖਿਲਾਫ ਆਈਪੀਸੀ ਦੀ ਧਾਰਾ 188 ਦੇ ਨਾਲ-ਨਾਲ 8ਬੀ ਨੈਸ਼ਨਲ ਹਾਈਵੇਅ ਐਕਟ-1956 ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Grammy Awards 2021 Winners List: ਸਿੰਗਰ Beyonce ਨੇ ਰਚਿਆ ਇਤਿਹਾਸ, ਰਿਕਾਰਡ 28ਵੀਂ ਵਾਰ ਜਿੱਤਿਆ Grammy ਐਵਾਰਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin