Mumbai Boat Accident: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਦੇ ਵਿਚਕਾਰ ਨੇਵੀ ਦੀ ਸਪੀਡ ਬੋਟ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਯਾਤਰੀਆਂ ਨਾਲ ਭਰੀ ਕਿਸ਼ਤੀ ਸਮੁੰਦਰ 'ਚ ਪਲਟ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਦੌਰਾਨ ਬਚਾਅ ਕਾਰਜ ਜਾਰੀ ਹੈ।


ਦੱਸ ਦਈਏ ਕਿ ਘਟਨਾ ਦੇ ਤੁਰੰਤ ਬਾਅਦ ਕਿਸ਼ਤੀ 'ਚ ਸਵਾਰ ਲੋਕਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਗਈ। ਜਲ ਸੈਨਾ, ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ (ਜੇਐਨਪੀਏ), ਕੋਸਟ ਗਾਰਡ, ਯੈਲੋ ਗੇਟ ਪੁਲਿਸ ਸਟੇਸ਼ਨ ਅਤੇ ਸਥਾਨਕ ਮਛੇਰਿਆਂ ਦੀ ਮਦਦ ਨਾਲ ਲੋਕਾਂ ਨੂੰ ਬਚਾਉਣ ਦੇ ਯਤਨ ਕੀਤੇ ਗਏ।



ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਹੁਣ ਤੱਕ ਤਿੰਨ ਜਲ ਸੈਨਾ ਕਰਮਚਾਰੀਆਂ ਸਮੇਤ ਕੁੱਲ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 101 ਹੋਰ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਜਦਕਿ ਕਈ ਲੋਕਾਂ ਦੀ ਭਾਲ ਜਾਰੀ ਹੈ।


ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੱਸਿਆ ਕਿ ਦੁਪਹਿਰ ਕਰੀਬ 3.55 ਵਜੇ ਮੁੰਬਈ ਨੇੜੇ ਬੁਚਰ ਆਈਲੈਂਡ 'ਤੇ ਸਮੁੰਦਰੀ ਫੌਜ ਦੀ ਇਕ ਕਿਸ਼ਤੀ ਯਾਤਰੀ ਜਹਾਜ਼ 'ਨੀਲਕਮਲ' ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਸ਼ਾਮ 7.30 ਵਜੇ ਤੱਕ 101 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਸੀਐਮ ਫੜਨਵੀਸ ਨੇ ਦੱਸਿਆ ਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਨੇਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਲ ਸੈਨਾ, ਤੱਟ ਰੱਖਿਅਕ ਅਤੇ ਪੁਲਿਸ ਨੇ 11 ਕਰਾਫਟ ਅਤੇ 4 ਹੈਲੀਕਾਪਟਰਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਬਾਰੇ ਅੰਤਿਮ ਜਾਣਕਾਰੀ ਕੱਲ੍ਹ ਸਵੇਰੇ ਮਿਲ ਜਾਵੇਗੀ। ਇਸ ਦੇ ਨਾਲ ਹੀ ਸੀਐਮ ਫੜਨਵੀਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਪੁਲਿਸ ਅਤੇ ਜਲ ਸੈਨਾ ਵੱਲੋਂ ਜਾਂਚ ਕੀਤੀ ਜਾਵੇਗੀ।