ਨਵੀਂ ਦਿੱਲੀ: ਭਾਰਤ ਸਰਕਾਰ ਦੀ ਚੇਤਾਵਨੀ ਦੇ ਜਵਾਬ 'ਚ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਨੇ ਬੁੱਧਵਾਰ ਨੂੰ ਬਿਆਨ ਜਾਰੀ ਕੀਤਾ ਹੈ। ਇਸ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ 500 ਅਕਾਊਂਟ ਹਮੇਸਾ ਲਈ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੰਪਨੀ ਨੇ ਵਿਵਾਦਤ ਹੈਸ਼ਟੈਗ ਨੂੰ ਲੈ ਕੇ ਵੀ ਕਾਰਵਾਈ ਕੀਤੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਨੇ ਟਵਿੱਟਰ ਨੂੰ 1178 ਅਕਾਊਂਟਾਂ ਦੀ ਲਿਸਟ ਦਿੱਤੀ ਸੀ।
ਇਨ੍ਹਾਂ ਅਕਾਊਂਟਾਂ ਨੂੰ ਬੰਦ ਕਰਨ ਪਿੱਛੇ ਸਰਕਾਰ ਦਾ ਕਹਿਣਾ ਸੀ ਕਿ ਇਹ ਖਾਤੇ ਖ਼ਾਲਿਸਤਾਨ ਦੇ ਹਮਾਇਤੀ ਤੇ ਪਾਕਿਸਤਾਨ ਨਾਲ ਜੁੜੇ ਲੋਕਾਂ ਦੇ ਹਨ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਸੀ ਕਿ ਇਹ ਖਾਤੇ ਗਲਤ ਜਾਣਕਾਰੀ ਫੈਲਾ ਰਹੇ ਹਨ ਤੇ ਕਿਸਾਨ ਅੰਦੋਲਨ ਦੇ ਨਾਂ 'ਤੇ ਭੜਕਾਊ ਕੰਟੈਂਟ ਪੋਸਟ ਕਰ ਰਹੇ ਹਨ।
ਭਾਰਤ ਸਰਕਾਰ ਦੇ ਹੁਕਮ ਤੋਂ ਬਾਅਦ ਟਵਿੱਟਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਖਾਤੇ ਬੰਦ ਕਰ ਦਿੱਤੇ ਗਏ ਹਨ। ਟਵਿੱਟਰ ਨੇ 26 ਜਨਵਰੀ ਨੂੰ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਬਾਰੇ ਵੀ ਆਪਣੀ ਟਿੱਪਣੀ ਕੀਤੀ। ਟਵਿੱਟਰ ਵੱਲੋਂ ਕਿਹਾ ਗਿਆ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਤੇ ਮਾਹੌਲ ਨੂੰ ਵਿਗਾੜਨ ਵਾਲੀ ਸਮੱਗਰੀ ਨੂੰ ਹਟਾ ਦਿੱਤਾ ਗਿਆ ਸੀ।
ਇਸ ਦੇ ਨਾਲ ਹੀ 500 ਅਕਾਊਂਟ ਹਮੇਸ਼ਾ ਲਈ ਬੰਦ ਕੀਤੇ ਗਏ। ਟਵਿੱਟਰ ਨੇ ਇਹ ਵੀ ਕਿਹਾ ਕਿ ਬਾਅਦ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੀ ਸਮੱਗਰੀ ਭਾਰਤੀ ਕਾਨੂੰਨ ਅਨੁਸਾਰ ਹੈ, ਇਸ ਲਈ ਉਨ੍ਹਾਂ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ। ਮਾਈਕ੍ਰੋ-ਬਲੌਗਿੰਗ ਸਾਈਟ ਦਾ ਇਹ ਬਿਆਨ ਉਨ੍ਹਾਂ ਇਲਜ਼ਾਮਾਂ ਤੋਂ ਬਾਅਦ ਆਇਆ ਹੈ ਜਦੋਂ ਕਿਹਾ ਗਿਆ ਕਿ ਟਵਿੱਟਰ ਸਰਕਾਰ ਦੇ ਆਦੇਸ਼ ਨੂੰ ਦਬਾ ਕੇ ਬੈਠ ਗਿਆ ਹੈ ਤੇ ਇਸ 'ਤੇ ਕੋਈ ਕਾਰਵਾਈ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ: ਲਾਲ ਕਿਲੇ 'ਤੇ ਹੋਈ ਹਿੰਸਾ ਦਾ ਮੁਲਜ਼ਮ ਇਕਬਾਲ ਸਿੰਘ ਕਾਬੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904