ਨਵੀਂ ਦਿੱਲੀ: ਉਤਰਾਖੰਡ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਨੈਨੀਤਾਲ ਦੀ ਨੈਨੀ ਝੀਲ ਨੇੜੇ ਲੋਅਰ ਮਾਲ ਰੋਡ 25 ਮੀਟਰ ਝੀਲ 'ਚ ਸਮਾ ਗਈ। ਇਸ ਤੋਂ ਬਾਅਦ ਮੇਨ ਮਾਲ ਰੋਡ 'ਤੇ ਵੀ ਖਤਰਾ ਮੰਡਰਾ ਰਿਹਾ ਹੈ। ਦਰਅਸਲ ਮਾਲ ਰੋਡ ਕਾਫੀ ਸਮੇਂ ਤੋਂ ਹੇਠਾਂ ਧਸ ਰਹੀ ਸੀ ਜਿਸ 'ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਵੀ ਪੋਲ ਖੁੱਲ੍ਹ ਗਈ ਹੈ। ਇਹ ਸਾਫ ਹੋ ਗਿਆ ਕਿ ਮਾਲ ਰੋਡ ਕਮਿਸ਼ਨਬਾਜ਼ੀ ਦੇ ਚੱਲਦਿਆਂ ਹੇਠਾਂ ਧੱਸ ਗਈ।


ਇਸ ਤੋਂ ਬਾਅਦ ਲੋਅਰ ਮਾਲ ਰੋਡ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਮਾਲ ਰੋਡ 'ਚ ਲਗਾਤਾਰ ਦਰਾੜ ਪੈ ਰਹੀ ਸੀ ਪਰ ਵਿਭਾਗ ਨੇ ਰੋਡ ਨੂੰ ਜੜ੍ਹ ਤੋਂ ਠੀਕ ਕਰਨ ਦੀ ਬਜਾਏ ਸਿਰਫ ਦਰਾਰ 'ਚ ਬੱਜਰੀ-ਰੋੜੀ ਭਰ ਕੇ ਕੰਮ ਸਾਰ ਦਿੱਤਾ ਜਦਕਿ ਇਸ ਦਾ ਖਮਿਆਜਾ ਹੁਣ ਭੁਗਤਣਾ ਪਵੇਗਾ। ਹਾਦਸੇ ਦੌਰਾਨ ਸੜਕ 'ਤੇ ਕੋਈ ਵਾਹਨ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣੋ ਟਲ ਗਿਆ।


ਦੱਸ ਦਈਏ ਕਿ ਮਾਲ ਰੋਡ ਦਾ ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਸੀ ਜਿਸ ਤੋਂ ਬਾਅਦ ਇਸ ਖੇਤਰ ਦਾ ਸਰਵੇਖਣ ਆਈਆਈਟੀ ਰੁੜਕੀ ਤੋਂ ਕਰਾਇਆ ਗਿਆ ਸੀ। ਜਾਣਕਾਰੀ ਮੁਤਾਬਕ ਰਿਪੋਰਟ 'ਚ ਕਿਹਾ ਗਿਆ ਕਿ ਪਿਊਰ ਪਹਾੜ ਹੇਠਾਂ ਧੱਸ ਰਿਹਾ ਹੈ ਜਿਸ ਦੇ ਚੱਲਦਿਆਂ ਝੀਲ ਦੇ ਇਸ ਹਿੱਸੇ 'ਚ ਦਬਾਅ ਪੈ ਰਿਹਾ ਹੈ ਤੇ ਇਹ ਲਗਾਤਾਰ ਧੱਸ ਰਹੀ ਹੈ। ਲੋਕ ਨਿਰਮਾਣ ਵਿਭਾਗ ਨੇ ਇਸ ਦੇ ਸਥਾਈ ਨਿਰਮਾਣ ਲਈ ਇਕ ਪ੍ਰੋਜੈਕਟ ਸਰਕਾਰ ਨੂੰ ਦਿੱਤਾ ਹੈ ਜਿਸਦੀ ਆਗਿਆ ਅਜੇ ਮਿਲਣੀ ਬਾਕੀ ਹੈ।