ਨਵੀਂ ਦਿੱਲੀ: ਸਾਲ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਜੁਟ ਗਈਆਂ ਹਨ। ਹੁਣ ਇੱਕ ਅਜਿਹੀ ਖ਼ਬਰ ਆਈ ਹੈ, ਜਿਸ ਨਾਲ ਸੱਤਾਧਿਰ ਬੀਜੇਪੀ ਦੀ ਨੀਂਦ ਉੱਡ ਜਾਵੇਗੀ। ਕਾਰਵੀ ਇਨਸਾਈਟਸ ਤੇ ਇੰਡੀਆ ਟੁਡੇ ਦੇ ਸਰਵੇਖਣ ਮੁਤਾਬਕ ਜੇਕਰ ਹੁਣੇ ਲੋਕ ਸਭਾ ਚੋਣਾਂ ਕਰਵਾਈਆਂ ਜਾਣ ਤਾਂ ਐਨਡੀਏ ਦੀ ਵਾਪਸੀ ਤਾਂ ਦਿੱਸਦੀ ਹੈ ਪਰ ਬੀਜੇਪੀ ਨੂੰ ਆਪਣੇ ਦਮ 'ਤੇ ਬਹੁਮਤ ਨਹੀਂ ਮਿਲੇਗਾ।
ਸਰਵੇਖਣ ਮੁਤਾਬਕ ਲੋਕ ਸਭਾ ਦੀਆਂ ਕੁੱਲ 543 ਸੀਟਾਂ ਵਿੱਚੋਂ ਐਨਡੀਏ ਹਿੱਸੇ 281 ਸੀਟਾਂ ਆ ਸਕਦੀਆਂ ਹਨ, ਜਿਨ੍ਹਾਂ ਵਿੱਚ ਭਾਜਪਾ ਦੀ 245 ਸੀਟਾਂ ਦੀ ਹਿੱਸੇਦਾਰੀ ਹੋਵੇਗੀ। ਇਸ ਤੋਂ ਇਲਾਵਾ ਯੂਪੀਏ 122 ਸੀਟਾਂ ਜਿੱਤ ਸਕਦੀ ਹੈ, ਜਿਸ ਵਿੱਚ 83 ਕਾਂਗਰਸ ਦੀਆਂ ਸ਼ਾਮਲ ਹਨ। ਬਾਕੀ 140 ਸੀਟਾਂ ਹੋਰ ਪਾਰਟੀਆਂ ਤੇ ਆਜ਼ਾਦ ਦੇ ਹਿੱਸੇ ਆਉਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ 'ਏਬੀਪੀ ਨਿਊਜ਼' ਨੇ ਵੀ ਸਰਵੇਖਣ ਕੀਤਾ ਸੀ, ਜਿਸ ਵਿੱਚ ਵੀ ਇਹੋ ਸਾਹਮਣੇ ਆਇਆ ਸੀ ਕਿ ਐਨਡੀਏ ਦੀ ਸਰਕਾਰ ਤਾਂ ਬਣ ਸਕਦੀ ਹੈ ਪਰ ਬੀਜੇਪੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਐਨਡੀਏ ਨੂੰ 55 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।
ਜੇਕਰ ਉੱਤਰ ਪ੍ਰਦੇਸ਼ ਵਿੱਚ ਮਹਾਂਗਠਬੰਧਨ ਬਣ ਗਿਆ ਤੇ ਬੰਗਾਲ ਵਿੱਚ ਮਮਤਾ ਬੈਨਰਜੀ ਦਾ ਕਾਂਗਰਸ ਨਾਲ ਗਠਜੋੜ ਹੋ ਜਾਂਦਾ ਹੈ ਤਾਂ ਸਿਆਸੀ ਸਮੀਕਰਨ ਐਨਡੀਏ ਦੀ ਖੇਡ ਵਿਗਾੜ ਸਕਦੇ ਹਨ। ਅਜਿਹਾ ਹੋਣ 'ਤੇ ਕਾਰਵੀ ਇਨਸਾਈਟਸ ਤੇ ਇੰਡੀਆ ਟੁਡੇ ਦੇ ਸਰਵੇਖਣ ਮੁਤਾਬਕ ਐਨਡੀਏ ਨੂੰ 228, ਯੂਪੀਏ ਨੂੰ 224 ਤੇ ਹੋਰਾਂ ਨੂੰ 91 ਸੀਟਾਂ ਮਿਲ ਸਕਦੀਆਂ ਹਨ। ਅਜਿਹੇ ਵਿੱਚ ਤ੍ਰਿਸ਼ੰਕੂ ਲੋਕ ਸਭਾ ਦੇ ਆਸਾਰ ਬਣ ਜਾਣਗੇ ਤੇ ਸੱਤਾ ਦੀ ਕੁੰਜੀ ਹੋਰਾਂ ਕੋਲ ਆ ਜਾਵੇਗੀ। ਕੋਈ ਵੀ ਗਠਜੋੜ ਸਰਕਾਰ ਬਣਾ ਸਕਦਾ ਹੈ, ਪਰ ਇਕੱਲੀ ਭਾਜਪਾ ਨੂੰ 80 ਸੀਟਾਂ ਦਾ ਨੁਕਸਾਨ ਹੋਵੇਗਾ।
ਇਸ ਸਰਵੇਖਣ ਨੂੰ 97 ਸੰਸਦੀ ਖੇਤਰਾਂ ਦੇ ਵੋਟਰਾਂ ਤੋਂ 18 ਤੋਂ ਲੈ ਕੇ 29 ਜੁਲਾਈ ਦਰਮਿਆਨ ਇਕੱਠੀ ਕੀਤੀ ਜਾਣਕਾਰੀ 'ਤੇ ਆਧਾਰਤ ਹੈ। ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਮੋਦੀ 49 ਫ਼ੀਸਦੀ ਲੋਕਾਂ ਦੀ ਪਹਿਲੀ ਪਸੰਦ ਹਨ ਤੇ 27 ਫ਼ੀਸਦ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ।