ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮਹਾਰਾਸ਼ਟਰ ਵਿੱਚ ਤਰਕਸ਼ੀਲ ਨਰੇਂਦਰ ਦਾਭੋਲਕਰ ਹੱਤਿਆ ਮਾਮਲੇ ਵਿੱਚ ਕਥਿਤ ਮੁੱਖ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਦੇ ਬੁਲਾਰੇ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਰਹਿਣ ਵਾਲੇ ਸਚਿਨ ਪ੍ਰਕਾਸ਼ਰਾਵ ਆਂਦੁਰੇ ਨੂੰ ਪੁਣੇ ਤੋਂ ਦੇਰ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਨਿਆ ਜਾਂਦਾ ਹੈ ਕਿ ਆਂਦੁਰੇ ਵੀ ਉਨ੍ਹਾਂ ਸ਼ੂਟਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ 20 ਅਗਸਤ, 2013 ਨੂੰ ਦਿਨ-ਦਿਹਾੜੇ ਦਾਭੋਲਕਰ 'ਤੇ ਗੋਲ਼ੀਆਂ ਚਲਾਈਆਂ ਸਨ।

ਮੁਲਜ਼ਮ ਦੀ ਗ੍ਰਿਫ਼ਤਾਰੀ 'ਤੇ ਦਾਭੋਲਕਰ ਦੀ ਧੀ ਨੇ ਕਿਹਾ ਕਿ ਇਹ ਕਤਲ ਵਿਚਾਰਧਾਰਾ ਤੋਂ ਵੱਖ ਰਾਏ ਰੱਖਣ ਕਾਰਨ ਹੋਇਆ ਸੀ। ਉਨ੍ਹਾਂ ਗੌਰੀ ਲੰਕੇਸ਼, ਗੋਵਿੰਦ ਪਾਨਸਰੇ ਤੇ ਐਮਐਮ ਕਲਬੁਰਗੀ ਦੀ ਹੱਤਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਾਭੋਲਕਰ ਦੀ ਹੱਤਿਆ ਤੋਂ ਬਾਅਦ ਇਸੇ ਤਰ੍ਹਾਂ ਤਿੰਨ ਹੋਰ ਕਤਲ ਹੋਏ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਸਾਰੇ ਕਤਲਾਂ ਦਾ ਲਿੰਕ ਇੱਕੋ ਹੈ ਤੇ ਇਹ ਵੱਡੀ ਸਾਜਿਸ਼ ਹੈ।

ਸਾਲ 2015 ਵਿੱਚ 81 ਸਾਲਾ ਗੋਵਿੰਦ ਪਾਨਸਰੇ, 2016 ਵਿੱਚ ਕਰਨਾਟਕ ਦੇ 77 ਸਾਲਾ ਐਮਐਮ ਕਲਬੁਰਗੀ ਤੇ ਇਸ ਸਾਲ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਹੋਈ। ਇਨ੍ਹਾਂ ਸਾਰਿਆਂ ਨੂੰ ਤਰਕਸ਼ਾਸਤਰੀ, ਅੰਧਵਿਸ਼ਵਾਸ ਵਿਰੋਧੀ, ਵਿਵੇਕਸ਼ੀਲ, ਧਰਮਨਿਰਪੇਖ, ਵਿਦਵਾਨ ਤੇ ਹਿੰਦੁਤਵ ਵਿਰੋਧੀ ਮੰਨਿਆ ਜਾਂਦਾ ਸੀ।

ਦਾਭੋਲਕਰ ਉੱਪਰ ਉਸ ਸਮੇਂ ਗੋਲ਼ੀ ਚਲਾਈਆਂ ਗਈਆਂ ਸਨ ਜਦ ਉਹ ਸਵੇਰੇ ਸੈਰ 'ਤੇ ਨਿਕਲੇ ਸਨ। ਦਾਭੋਲਕਰ ਅੰਧਵਿਸ਼ਵਾਸ ਖਿਲਾਫ਼ ਮੁਹਿੰਮ ਚਲਾ ਰਹੇ ਸਨ। ਇਸ ਤੋਂ ਪਹਿਲਾਂ ਸੀਬੀਆਈ ਨੇ ਆਪਣੇ ਦੋਸ਼ ਪੱਤਰ ਵਿੱਚ ਸਾਰੰਗ ਅਕੋਲਕਰ ਤੇ ਵਿਨੈ ਪਵਾਰ ਦਾ ਨਾਂ ਕਥਿਤ ਸ਼ੂਟਰ ਵਜੋਂ ਦੱਸਿਆ ਸੀ।