ਨਵੀਂ ਦਿੱਲੀ: ਕੇਰਲ ਤੇ ਕਰਨਾਟਕ 'ਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ। ਕੇਰਲ 'ਚ ਹੁਣ ਤੱਕ 357 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰਨਾਟਕ 'ਚ ਮੌਤਾਂ ਦੀ ਗਿਣਤੀ ਛੇ ਹੈ। ਕੇਰਲ ਦੇ 14 ਜ਼ਿਲ੍ਹਿਆਂ 'ਚੋਂ 13 ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਹਨ। ਬਚਾਅ ਦਲਾਂ ਵੱਲੋਂ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਨੂੰ ਵੱਡੀ ਗਿਣਤੀ 'ਚ ਇਮਾਰਤਾਂ 'ਚੋਂ ਏਅਰਲਿਫਟ ਕੀਤਾ ਗਿਆ ਹੈ।





ਇਸ ਤੋਂ ਇਲਾਵਾ ਜਲ ਸੈਨਾ ਦੇ ਜਵਾਨ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨੂੰ ਸੁਰੱਖਿਅਤ ਕੱਢਣ 'ਚ ਜੁਟੇ ਹੋਏ ਹਨ। ਕੇਰਲ 'ਚ ਐਨਡੀਆਰਐਫ ਦੀ ਟੀਮ ਹੁਣ ਤੱਕ ਦਾ ਸਭ ਤੋਂ ਵੱਡਾ ਰਾਹਤ-ਬਚਾਅ ਕਾਰਜ ਕਰ ਰਹੀ ਹੈ।





ਕੇਰਲ ਦੇ ਐਨਰਾਕੁਲਮ ਜ਼ਿਲ੍ਹੇ 'ਚ ਹੁਣ ਤੱਕ 54,000 ਲੋਕਾਂ ਨੂੰ ਬਚਾਇਆ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਉੱਥੇ ਹੋ ਰਹੀ ਬਾਰਸ਼ ਦੇ ਚੱਲਦਿਆਂ ਵੱਡੀ ਮਾਤਰਾ 'ਚ ਪਾਣੀ ਇਕੱਠਾ ਹੋ ਗਿਆ ਜਿਸ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਬਚਾਅ ਅਭਿਆਨ ਲਈ ਨਿੱਜੀ ਕਿਸ਼ਤੀਆਂ ਤੇ ਸਕੂਲੀ ਬੱਸਾਂ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ।





ਹੜ੍ਹਾਂ ਕਾਰਨ ਕਈ ਥਾਈਂ ਪੁਲ ਵਹਿ ਗਏ ਤੇ ਲਗਾਤਾਰ ਬਾਰਸ਼ ਦੇ ਕਾਰਨ ਲੈਂਡ ਸਲਾਇਡਿੰਗ ਹੋਣ ਨਾਲ ਸੜਕਾਂ ਤੇ ਭਾਰੀ ਚੱਟਾਨਾਂ ਡਿੱਗਣ ਨਾਲ ਰਾਹ ਬੰਦ ਹੋ ਗਏ ਹਨ। ਕੇਰਲ ਦੇ ਪਾਂਡਾਨਾਦ, ਅਰਾਨਮੁਲਾ ਤੇ ਨੈਨਮਾਰਾ ਸਹਿਤ ਕਈ ਥਾਵਾਂ 'ਤੇ ਲਾਸ਼ਾਂ ਪਾਣੀ 'ਚ ਤੈਰਦੀਆਂ ਦੇਖੀਆਂ ਗਈਆਂ। ਮੌਸਮ ਵਿਭਾਗ ਨੇ 20 ਅਗਸਤ ਤੱਕ ਕੇਰਲ 'ਚ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਹੈ।


ਕੇਰਲ 'ਚ ਹੜ੍ਹਾਂ ਦੀ ਤਬਾਹੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ 500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਅਟਾਰਨੀ ਜਨਰਲ ਵੇਨੂਗੋਪਾਲ ਨੇ ਕੇਰਲ ਲਈ ਇਕ ਕਰੋੜ ਰੁਪਏ ਦਾ ਯੋਗਦਾਨ ਦਿੱਤਾ ਹੈ।


ਕਰਨਾਟਕ ਚ ਵੀ ਬਾਰਸ਼ ਦਾ ਕਹਿਰ:


ਭਾਰੀ ਬਾਰਸ਼ ਤੇ ਹੜ੍ਹਾਂ ਕਾਰਨ ਕੇਰਲ ਤੋਂ ਇਲਾਵਾ ਕਰਨਾਟਕ ਦਾ ਕੋਡਾਗੂ ਜ਼ਿਲ੍ਹਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉੱਥੇ ਲਗਪਗ 1500 ਲੋਕ ਵੱਖ-ਵੱਖ ਥਾਵਾਂ 'ਚ ਫਸੇ ਹੋਏ ਹਨ ਜਿਸ ਦੇ ਮੱਦੇਨਜ਼ਰ ਬਚਾਅ ਕਾਰਜ ਜਾਰੀ ਹਨ।


ਕਰਨਾਟਕ ਦੇ ਕੁਰਗ ਜ਼ਿਲ੍ਹੇ 'ਚ ਬੀਤੀ ਰਾਤ ਭਾਰੀ ਬਾਰਸ਼ ਹੋਣ ਨਾਲ ਲੈਂਡ ਸਲਾਇਡਿੰਗ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ 15 ਲੋਕ ਲਾਪਤਾ ਹੋ ਗਏ। ਹੁਣ ਤੱਕ 1000 ਤੋਂ ਵੱਧ ਘਰ ਨੁਕਸਾਨੇ ਗਏ ਹਨ। ਸਰਕਾਰ ਵੱਲੋਂ ਬਣਾਏ ਰਾਹਤ ਕੈਂਪਾਂ 'ਚ ਕਰੀਬ 5000 ਲੋਕ ਰਹਿ ਰਹੇ ਹਨ।