ਨਵੀਂ ਦਿੱਲੀ: ਆਈਪੀਐਸ ਅਧਿਕਾਰੀ ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀਬੀਆਈ ਦਾ ਨਵਾਂ ਨਿਰਦੇਸ਼ਕ ਚੁਣਿਆ ਗਿਆ ਹੈ ਪਰ ਉਨ੍ਹਾਂ ਦੀ ਨਿਯੁਕਤੀ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁਕਲਾ ਦੀ ਨਿਯੁਕਤੀ ਨੂੰ ਲੈ ਕੇ ਚੋਣ ਕਮੇਟੀ ਦੇ ਮੈਂਬਰ ਤੇ ਕਾਂਗਰਸ ਦੇ ਸੀਨੀਅਰ ਲੀਡਰ ਮੱਲਿਕਾਰਜੁਨ ਖੜਗੇ ਨੇ ਪੀਐਮ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਰਿਸ਼ੀ ਕੁਮਾਰ ਸ਼ੁਕਲਾ ਮੱਧ ਪ੍ਰਦੇਸ਼ ਕੇਡਰ ਦੇ ਸਾਲ 1983 ਬੈਚ ਦੇ ਆਈਪੀਐਸ ਹਨ। ਇਹ ਦੋ ਸਾਲਾਂ ਲਈ ਸੀਬੀਆਈ ਦੇ ਨਿਰਦੇਸ਼ਕ ਦਾ ਅਹੁਦਾ ਸੰਭਾਲਣਗੇ।

ਉੱਚ ਸੂਤਰਾਂ ਮੁਤਾਬਕ ਖੜਗੇ ਨੇ ਸ਼ੁਕਲਾ ਦੇ ਗੈਰ-ਭ੍ਰਿਸ਼ਟਾਚਾਰ ਮਾਮਲਿਆਂ ਦੀ ਜਾਂਚ ਵਿੱਚ ਤਜਰਬੇ ਦੀ ਘਾਟ ਨੂੰ ਆਧਾਰ ਬਣਾ ਕੇ ਆਪਣਾ ਇਤਰਾਜ਼ ਦਰਜ ਕੀਤਾ ਹੈ। ਖੜਗੇ ਨੇ ਕਿਹਾ ਹੈ ਕਿ ‘ਅਨੁਭਵਹੀਣ’ ਸ਼ੁਕਲਾ ਨੂੰ ਸੀਬੀਆਈ ਦਾ ਨਿਰਦੇਸ਼ਕ ਬਣਾਉਣਾ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਇਤਰਾਜ਼ ਜਤਾਇਆ ਕਿ ਛਾਣਬੀਣ ਦੇ ਮਾਮਲਿਆਂ ਵਿੱਚ ਸ਼ੁਕਲਾ ਨਾਲੋਂ ਜਾਵੀਦ ਅਹਿਮਦ ਨੂੰ ਜ਼ਿਆਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਗ਼ੈਰ ਭ੍ਰਿਸ਼ਟਾਚਾਰ ਮਸਲਿਆਂ ਦੀ ਜਾਂਚ ਵਿੱਚ ਤਾਂ ਸ਼ੁਕਲਾ ਨੂੰ ਕੋਈ ਤਜਰਬਾ ਨਹੀਂ। ਖੜਗੇ ਜਾਵੀਦ ਅਹਿਮਦ ਨੂੰ ਨਵਾਂ ਸੀਬੀਆਈ ਨਿਰਦੇਸ਼ਕ ਥਾਪਣ ਦੀ ਵਕਾਲਤ ਕਰ ਰਹੇ ਹਨ।

ਸੂਤਰਾਂ ਮੁਤਾਬਕ ਸੀਬੀਆਈ ਨਿਰਦੇਸ਼ਕ ਦੀ ਚੋਣ ਕਮੇਟੀ ਨੇ ਕੁੱਲ ਪੰਜ ਨਾਵਾਂ ਦੀ ਚੋਣ ਕੀਤੀ ਸੀ। ਇਸ ਵਿੱਚ ਰਿਸ਼ੀ ਕੁਮਾਰ ਦੇ ਇਲਾਵਾ 1983 ਬੈਚ ਦੇ ਉੱਤਰ ਪ੍ਰਦੇਸ਼ ਕੇਡਰ ਦੇ ਆਈਪੀਐਸ ਰਾਜੀਵ ਰਾਏ ਭਟਨਾਗਰ, 1984 ਬੈਚ ਦੇ ਤੇਲੰਗਾਨਾ ਕੇਡਰ ਦੇ ਆਈਪੀਐਸ ਸੰਦੀਪ ਲਖਟਕੀਆ, 84 ਬੈਚ ਦੇ ਯੂਪੀ ਕੇਡਰ ਦੇ ਆਈਪੀਐਸ ਜਾਵੀਦ ਅਹਿਮਦ ਤੇ ਏਪੀ ਮਾਹੇਸ਼ਵਰੀ ਦਾ ਨਾਂ ਸ਼ਾਮਲ ਸੀ। ਨਿਰਦੇਸ਼ਕ ਦੀ ਚੋਣ ਦੇ ਤਿੰਨ ਆਧਾਰ ਬਣਾਏ ਗਏ ਸੀ ਜਿਨ੍ਹਾਂ ਵਿੱਚ ਸੀਨੀਅਰ, ਸਾਲਾਨਾ ਗੁਪਤ ਰਿਪੋਰਟ (ACR), ਜਾਂਚ ਤੇ ‘ਐਂਟੀ ਕਰੱਪਸ਼ਨ ਜਾਂਚ’ ਦਾ ਕੁੱਲ ਤਜਰਬਾ ਸ਼ਾਮਲ ਸਨ।