ਚੰਡੀਗੜ੍ਹ: ਬੈਂਕਾਂ ਤੋਂ ਹਜ਼ਾਰਾਂ ਕਰੋੜ ਦੇ ਘਪਲੇ ਦੀ ਧੋਖਾਧੜੀ ਸਬੰਧੀ ਅੱਜ ਯੂਕੇ ਦੀ ਅਦਾਲਤ ਵਿੱਚ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਕੇਸ ਦੀ ਸੁਣਵਾਈ ਹੋਏਗੀ। ਹਵਾਲਗੀ ਬਾਅਦ ਮਾਲਿਆ ਨੂੰ ਬ੍ਰਿਟੇਨ ਤੋਂ ਭਾਰਤ ਲਿਆਂਦਾ ਜਾ ਸਕਦਾ ਹੈ। ਇਸ ਸਥਿਤੀ ਵਿੱਚ ਮੁੰਬਈ ਦੀ ਆਰਥਰ ਰੋਡ ਜੇਲ੍ਹ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਨੇ ਮਾਲਿਆ ਲਈ ਉੱਚ ਸੁਰੱਖਿਆ ਵਾਲੀ ਬੈਰਕ ਤਿਆਰ ਕੀਤੀ ਹੈ।

ਇਹ ਵੀ ਪੜ੍ਹੋ- ਮਾਲਿਆ ਨੂੰ ਲੈਣ ਯੂਕੇ ਗਈਆਂ ਈਡੀ ਤੇ ਸੀਬੀਆਈ ਦੀਆਂ ਟੀਮਾਂ

ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਵਿਜੈ ਮਾਲਿਆ ਪਿਛਲੇ ਸਾਲ ਅਪ੍ਰੈਲ ਵਿੱਚ ਹਵਾਲਗੀ ਵਾਰੰਟ ’ਤੇ ਗ੍ਰਿਫ਼ਤਾਰੀ ਪਿੱਛੋਂ ਜ਼ਮਾਨਤ ’ਤੇ ਬਾਹਰ ਘੁੰਮ ਰਿਹਾ ਹੈ। ਜੇਲ੍ਹ ਦੇ ਅਧਿਕਾਰੀ ਨੇ ਕਿਹਾ ਕਿ ਜੇ ਮਾਲਿਆ ਨੂੰ ਹਵਾਲਗੀ ਮਿਲਣ ਬਾਅਦ ਇੱਥੇ ਲਿਆਂਦਾ ਗਿਆ ਤਾਂ ਉਸ ਨੂੰ ਜੇਲ੍ਹ ਅੰਦਰ ਦੋ-ਮੰਜ਼ਿਲਾ ਇਮਾਰਤ ਵਿੱਚ ਰੱਖਿਆ ਜਾਏਗਾ। ਜ਼ਿਕਰਯੋਗ ਹੈ ਕਿ 26/11 ਦੇ ਮੁੰਬਈ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਵੀ ਜੇਲ੍ਹ ਦੇ ਇਸੇ ਹਿੱਸੇ ਵਿੱਚ ਰੱਖਿਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਮਾਲਿਆ ਲਈ ਸਖ਼ਤ ਸੁਰੱਖਿਆ ਵਾਲੀ ਬੈਰਕ ਤਿਆਰ ਕੀਤੀ ਗਈ ਹੈ। ਇਹ ਬੈਰਕ ਬਾਕੀ ਕੋਠਰੀਆਂ ਨਾਲੋਂ ਬਿਲਕੁਲ ਅਲੱਗ ਹੈ। ਇਨ੍ਹਾਂ ਵਿੱਚ ਲਗਾਤਾਰ ਸੀਸੀਟੀਵੀ ਨਾਲ ਨਿਗਰਾਨੀ ਰੱਖੀ ਜਾਂਦੀ ਹੈ ਤੇ ਅਧੁਨਿਕ ਹਥਿਆਰਾਂ ਨਾਲ ਲੈਸ ਸੁਰੱਖਿਆ ਕਰਮੀ ਤਾਇਨਾਤ ਰਹਿੰਦੇ ਹਨ। ਜੇ ਮਾਲਿਆ ਨੂੰ ਇੱਥੇ ਲਿਆਂਦਾ ਗਿਆ ਤਾਂ ਅਧਿਆਕੀ ਉਸ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸੰਭਾਲਣ ਲਈ ਵੀ ਤਿਆਰ ਹਨ। ਅਧਿਕਾਰੀਆਂ ਨੇ ਕਿਹਾ ਕਿ ਬਿਮਾਰ ਹੋਣ ਦੀ ਸਥਿਤੀ ਵਿੱਚ ਮਾਲਿਆ ਨੂੰ ਬੈਰਕ ਵਿੱਚ ਲੱਗੇ ਮੈਡੀਕਲ ਕੇਂਦਰ ਵਿੱਚ ਇਲਾਜ ਲਈ ਲਿਜਾਇਆ ਜਾ ਸਕਦਾ ਹੈ ਇੱਥੇ ਕੈਦੀਆਂ ਦੇ ਇਲਾਜ ਲਈ ਡਾਕਟਰ ਤੇ ਹੋਰ ਮੁਲਾਜ਼ਮ ਤਾਇਨਾਤ ਰਹਿੰਦੇ ਹਨ।