ਵਿਵਾਦਿਤ ਰਿਹਾ ‘ਨਵਜੀਵਨ’ ਅਖ਼ਬਾਰ ਪੰਜਾਬ 'ਚ ਰੀਲਾਂਚ ਕਰਨਗੇ ਰਾਹੁਲ ਤੇ ਮਨਮੋਹਨ ਸਿੰਘ
ਏਬੀਪੀ ਸਾਂਝਾ | 10 Dec 2018 12:12 PM (IST)
ਮੁਹਾਲੀ: ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਰਹੀ ਕੰਪਨੀ ਐਸੋਸੀਏਟਿਡ ਜਨਰਲਜ਼ ਲਿਮਟਿਡ ਆਪਣਾ ਹਿੰਦੀ ਦਾ ਅਖ਼ਬਾਰ ‘ਨਵਜੀਵਨ’ ਦੁਬਾਰਾ ਪੰਜਾਬ ਵਿੱਚ ਸ਼ੁਰੂ ਕਰਨ ਜਾ ਰਹੀ ਹੈ। ਐਸੋਸੀਏਟਿਡ ਜਨਰਲਜ਼ ਲਿਮਟਿਡ ਕੰਪਨੀ ਦਾ ਹੀ ਹਰਿਆਣਾ ਵਿੱਚ ਚੱਲ ਰਿਹਾ ਨੈਸ਼ਨਲ ਹੈਰਾਲਡ ਨਵਜੀਵਨ ਅਖ਼ਬਾਰ ਵੀ ਵੱਡੇ ਵਿਵਾਦ ਵਿੱਚੋਂ ਗੁਜ਼ਰ ਰਿਹਾ ਹੈ। ਇਸ ਅਖ਼ਬਾਰ ਦੇ ਲੋਕ ਅਰਪਣ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੁਹਾਲੀ ਪਹੁੰਚ ਰਹੇ ਹਨ। ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਸਿਹਤ ਢਿੱਲੀ ਹੋਣ ਕਰਕੇ ਸਮਾਗਮ ਵਿੱਚ ਨਹੀਂ ਪਹੁੰਚ ਸਕਣਗੇ। ਜ਼ਿਕਰਯੋਗ ਹੈ ਕਿ ਸੀਬੀਆਈ ਵੱਲੋਂ ਇਸ ਅਖਬਾਰ ਨੂੰ ਦਿੱਤੇ ਇੰਡਸਟਰੀਅਲ ਪਲਾਟ ’ਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਖਿਲਾਫ ਚਾਰਜ ਸ਼ੀਟ ਦਿੱਤੀ ਗਈ ਹੈ। ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਸੀਬੀਆਈ ਨੇ ਐਸੋਸੀਏਟਿਡ ਜਨਰਲਜ਼ ਲਿਮਟਿਡ ਦੇ ਚੇਅਰਮੈਨ ਮੋਤੀ ਲਾਲ ਵੋਹਰਾ ਖਿਲਾਫ ਵੀ ਚਾਰਜਸ਼ੀਟ ਦਿੱਤੀ ਸੀ। ਹੁੱਡਾ ’ਤੇ ਆਪਣੀ ਸਰਕਾਰ ਦੌਰਾਨ ਨਿਯਮਾਂ ਦੀ ਉਲੰਘਣਾ ਕਰਕੇ ਐਸੋਸੀਏਟਿਡ ਜਨਰਲਜ਼ ਲਿਮਟਿਡ ਨੂੰ ਇੰਡਸਟਰੀਅਲ ਪਲਾਟ ਦੇਣ ਦੇ ਇਲਜ਼ਾਮ ਲੱਗੇ ਹਨ।