ਮੁੰਬਈ: ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਕਿਸਾਨ ਨੇ ਪਿਆਜ ਦੀਆਂ ਕੀਮਤਾਂ ਵਿੱਚ ਆਈ ਜ਼ਬਰਦਸਤ ਗਿਰਾਵਟ ਤੋਂ ਪਰੇਸ਼ਾਨ ਹੋ ਕੇ ਸਥਾਨਕ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੂੰ ਛੇ ਰੁਪਏ ਦਾ ਮਨੀਆਰਡਰ ਭੇਜਿਆ ਹੈ। ਇਹ ਛੇ ਰੁਪਏ ਕਿਸਾਨ ਨੂੰ 26.5 ਕੁਵੰਟਲ ਪਿਆਜ ਦੇ ਮੁੱਲ ਵਜੋਂ ਮਿਲੇ ਹਨ। ਪਿਆਜ ਵੇਚਣ ਦੀ ਮਾਮੂਲੀ ਰਕਮ ਮਿਲਣ ਕਰਕੇ ਕਿਸਾਨ ਆਪਣਾ ਵਿਰੋਧ ਦਰਜ ਕਰਵਾਉਣ ਲਈ ਕਮਾਈ ਦੀ ਰਕਮ ਲੀਡਰਾਂ ਨੂੰ ਭੇਜ ਰਹੇ ਹਨ।
ਸ਼੍ਰੇਯਸ ਅਭਾਲੇ ਨਾਂ ਦੇ ਕਿਸਾਨ ਨੇ ਐਤਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਸੰਗਮਨੇਰ ਥੋਕ ਬਾਜ਼ਾਰ ਵਿੱਚ 2657 ਕਿੱਲੋ ਪਿਆਜ ਇੱਕ ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਵੇਚਣ ਤ ਬਾਜ਼ਾਰ ਦੇ ਖਰਚੇ ਕੱਢਣ ਬਾਅਦ ਉਸ ਕੋਲ ਸਿਰਫ ਛੇ ਰੁਪਏ ਬਚੇ। ਉਸ ਨੇ ਕਿਹਾ ਕਿ 2657 ਕਿੱਲੋ ਪਿਆਜ ਵੇਚ ਕੇ ਉਸ ਨੂੰ ਮਹਿਜ਼ 2916 ਰੁਪਏ ਮਿਲੇ। ਪਿਆਜ ਦੀ ਢੋਆ-ਢੁਆਈ ’ਤੇ 2910 ਰੁਪਏ ਦੇਣੇ ਪਏ ਤੇ ਬਾਅਦ ਵਿੱਚ ਸਾਰੀ ਫਸਲ ਦੀ ਕਮਾਈ ਤੋਂ ਉਸ ਦੇ ਹਿੱਸੇ ਮਹਿਜ਼ ਛੇ ਰੁਪਏ ਆਏ।
ਕਿਸਾਨ ਨੇ ਦੱਸਿਆ ਕਿ ਉਹ ਇਸ ਤੋਂ ਕਾਫੀ ਨਿਰਾਸ਼ ਹੋਇਆ ਤੇ ਆਖਰਕਾਰ ਉਸ ਨੇ ਸਾਰੀ ਕਮਾਈ ਮੁੱਖ ਮੰਤਰੀ ਨੂੰ ਮਨੀਆਰਡਰ ਕਰਨ ਦੀ ਫੈਸਲਾ ਕੀਤਾ ਤਾਂ ਕਿ ਮੌਜੂਦਾ ਸਥਿਤੀ ਵੱਲ ਉਨ੍ਹਾਂ ਦਾ ਧਿਆਨ ਵਟਾਇਆ ਜਾ ਸਕੇ। ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਿਆਜ ਦੀ ਕਮਾਈ ਤੋਂ ਮਿਲੀ ਮਾਮੂਲੀ ਰਕਮ ਭੇਜੀ ਸੀ ਤੇ ਮੋਦੀ ਨੇ ਇਸ ਮਾਮਲੇ ਦਾ ਨੋਟਿਸ ਲਿਆ ਸੀ। ਉਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਕੋਲੋਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਗਈ ਸੀ।