ਜੰਮੂ: ਵੀਰਵਾਰ ਸਵੇਰੇ ਜੰਮੂ ਦੇ ਬੱਸ ਸਟੈਂਡ ਵਿੱਚ ਗ੍ਰਨੇਡ ਧਮਾਕਾ ਮਾਮਲੇ ਵਿੱਚ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜ਼ਾਹੀਦੀਨ ਨਾਲ ਸਬੰਧਤ ਹੈ। ਜੰਮੂ ਤੇ ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ਼ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਧਮਾਕੇ ਵਿੱਚ ਹੁਣ ਤਕ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ 32 ਜਣੇ ਜ਼ਖ਼ਮੀ ਹਨ। ਇਸ ਘਟਨਾ ਮਗਰੋਂ ਪੰਜਾਬ ਲੁਧਿਆਣਾ ਦੇ ਕਈ ਰੇਲਵੇ ਸਟੇਸ਼ਨ ਤੇ ਬੱਸ ਅੱਡਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।


ਜੰਮੂ ਪੁਲਿਸ ਦੇ ਆਈਜੀ ਐਮ.ਕੇ. ਸਿਨ੍ਹਾ ਨੇ ਦੱਸਿਆ ਕਿ ਗ੍ਰਨੇਡ ਧਮਾਕੇ ਦੇ ਗ੍ਰਿਫ਼ਤਾਰ ਕੀਤੇ ਇਸ ਮੁਲਜ਼ਮ ਦੀ ਪਛਾਣ ਯਾਸ਼ਿਰ ਭੱਟ ਵਜੋਂ ਹੋਈ ਹੈ ਅਤੇ ਉਹ ਹਿਜ਼ਬੁਲ ਮੁਜ਼ਾਹੀਦੀਨ ਦਾ ਕਸ਼ਮੀਰ ਦੇ ਕੁਲਗਾਮ ਦਾ ਜ਼ਿਲ੍ਹਾ ਕਮਾਂਡਰ ਵੀ ਹੈ। ਪੁਲਵਾਮਾ ਤੋਂ ਬਾਅਦ ਅੱਤਵਾਦੀਆਂ ਨੇ ਵੀਰਵਾਰ ਨੂੰ ਫਿਰ ਜੰਮੂ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾ ਰਿਹਾ ਹੈ ਕਿ ਨਿਸ਼ਾਨਾ ਖੁੰਝਣ ਕਰਕੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।

ਇਹ ਵੀ ਪੜ੍ਹੋ- ਪੁਲਵਾਮਾ ਤੋਂ ਬਾਅਦ ਜੰਮੂ ਦਹਿਲਿਆ, 28 ਲੋਕਾਂ ਜ਼ਖਮੀ, ਪੰਜਾਬ ਦੀ ਬੱਸ ਨੂੰ ਵੀ ਨੁਕਸਾਨ

ਅੱਤਵਾਦੀਆਂ ਨੇ ਗ੍ਰਨੇਡ ਸੁੱਟਿਆ ਪਰ ਉਹ ਇੱਕ ਬੱਸ ਹੇਠ ਫਟ ਗਿਆ। ਇਸ ਨਾਲ ਨੇੜਲੀਆਂ ਬੱਸਾਂ ਵੀ ਲਪੇਟ ਵਿੱਚ ਆ ਗਈਆਂ। ਧਮਾਕੇ ਵਿੱਚ ਪੰਜਾਬ ਦੀ ਪਨਬੱਸ ਦੇ ਵੀ ਸ਼ੀਸ਼ੇ ਟੁੱਟ ਗਏ। ਧਮਾਕੇ ਮਗਰੋਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਵਿੱਚ 28 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੀ ਪਰ ਬਾਅਦ ਵਿੱਚ ਗਿਣਤੀ 32 ਹੋ ਗਈ ਗਈ। ਪਰ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਹਰਿਦੁਆਰ ਦੇ ਰਹਿਣ ਵਾਲੇ 17 ਸਾਲਾ ਮੁਹੰਮਦ ਸ਼ਰੀਕ ਵਜੋਂ ਹੋਈ ਹੈ।