ਨਵੀਂ ਦਿੱਲੀ: ਕੌਮਾਂਤਰੀ ਯੋਗ ਦਿਵਸ ਵਾਲੇ ਦਿਨ ਯੋਗ ਪ੍ਰਚਾਰਕ ਤੇ ਕਾਰੋਬਾਰੀ ਬਾਬਾ ਰਾਮਦੇਵ ਦੀ ਅਸਲ ਤਸਵੀਰ ਨਾਲ ਛੇੜਛਾੜ ਕਰਕੇ ਅਸ਼ਲੀਲ ਬਣ ਕੇ ਵ੍ਹੱਟਸਐਪ 'ਤੇ ਫੈਲਾਉਣ ਵਾਲੇ ਚਾਲੀ ਸਾਲਾ ਵਿਅਕਤੀ ਨੂੰ ਨੋਇਡਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।   ਗ੍ਰਿਫ਼ਤਾਰ ਕੀਤੇ ਵਿਅਕਤੀ ਸ਼ਨਾਖ਼ਤ ਦਾਦਰੀ ਪਿੰਡ ਦੇ ਰਹਿਣ ਵਾਲੇ ਰਹਿਸ਼ੂਦੀਨ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਆਈਟੀ ਐਕਟ ਤਹਿਤ ਦਰਜ ਕੀਤੇ ਮੁਕੱਦਮੇ ਵਿੱਚ ਉਸ ਦੇ ਘਰੋਂ ਹੀ ਗ੍ਰਿਫ਼ਤਾਰ ਕੀਤਾ ਹੈ। ਛੇੜੀ ਗਈ ਤਸਵੀਰ ਵਿੱਚ ਰਾਮਦੇਵ ਕਈ ਵਿਅਕਤੀਆਂ ਦੇ ਗਰੁੱਪ ਦੇ ਵਿਚਕਾਰ ਖੜ੍ਹਾ ਹੈ ਤੇ ਉਸ ਨੇ ਆਪਣੀ ਇੱਕ ਲੱਤ ਚੁੱਕੀ ਹੋਈ ਹੈ। ਤਸਵੀਰ ਵਿੱਚ ਬਾਬਾ ਦੀ ਧੋਤੀ ਹੱਦੋਂ ਵੱਧ ਚੁੱਕੀ ਹੋਈ ਵਿਖਾਈ ਗਈ ਹੈ, ਜਿਸ ਦੇ ਨਤੀਜੇ ਵਜੋਂ ਰਾਮਦੇਵ ਦਾ ਅੰਗ ਪ੍ਰਦਰਸ਼ਨ ਹੋ ਗਿਆ। ਪਤੰਜਲੀ ਆਯੁਰਵੇਦ ਦੇ ਪ੍ਰਬੰਧਕੀ ਨਿਰਦੇਸ਼ਕ ਤੇ ਪਤੰਜਲੀ ਯੋਗਪੀਠ ਦੇ ਸਹਿ-ਸੰਸਥਾਪਕ ਬਾਲਕ੍ਰਿਸ਼ਨ ਨੇ ਨੋਇਡਾ ਪੁਲਿਸ ਦੀ ਕਾਰਵਾਈ ਨੂੰ ਟਵਿੱਟਰ 'ਤੇ ਸਲਾਹਿਆ। ਇਸ ਦੇ ਨਾਲ ਹੀ ਪਤੰਜਲੀ ਉਤਪਾਦ ਦੇ ਬੁਲਾਰੇ ਐਸ.ਕੇ. ਤਿਜਾਰਾਵਾਲਾ ਨੇ ਕਿਹਾ ਕਿ ਅਜਿਹੀ ਅਸ਼ਲੀਲ ਹਰਕਤ ਨਾਲ ਕਿਸੇ ਦੀ ਸ਼ਖ਼ਸੀਅਤ ਨੂੰ ਸੱਟ ਮਾਰਨਾ ਬਲਾਤਕਾਰ ਜਿਹੇ ਘਿਨੌਣੇ ਜੁਰਮ ਵਰਗਾ ਹੈ। ਹਾਲਾਂਕਿ, ਰਾਮਦੇਵ ਨੇ ਆਪਣੀ ਤਸਵੀਰ ਤੇ ਮੁਲਜ਼ਮ ਵਿਰੁੱਧ ਕਾਰਵਾਈ 'ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ।