ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਛੱਤਰਪੁਰ ਇਲਾਕੇ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਫਲੈਟ ‘ਚ ਮੁੰਡੇ-ਕੁੜੀ ਦੀ ਲਾਸ਼ ਮਿਲੀ। ਸੋਮਵਾਰ ਨੂੰ ਸ਼ਾਮ ਕਰੀਬ ਸਾਢੇ 7 ਵਜੇ ਇੱਕ ਔਰਤ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਬਿਲਡਿੰਗ ਦੀ ਪਹਿਲੀ ਮੰਜ਼ਲ ‘ਚ ਕੁਝ ਅਜੀਬ ਲੱਗ ਰਿਹਾ ਹੈ। ਪੁਲਿਸ ਕੁਝ ਸਮੇਂ ‘ਚ ਹੀ ਘਟਨਾ ਵਾਲੀ ਥਾਂ ਪਹੁੰਚ ਗਈ ਤੇ ਦਰਵਾਜ਼ਾ ਤੋੜ ਅੰਦਰ ਦਾਖਲ ਹੋਈ।
ਪੁਲਿਸ ਨੇ ਅੰਦਰ ਫਰਸ਼ ‘ਤੇ ਕੁੜੀ ਦੀ ਖੂਨ ਨਾਲ ਲਿਬੜੀ ਲਾਸ਼ ਦੇਖੀ ਤੇ ਇੱਕ ਮੁੰਡੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ‘ਚ ਪਤਾ ਲੱਗਿਆ ਹੈ ਕਿ ਦੋਵੇਂ 6 ਮਹੀਨੇ ਪਹਿਲਾਂ ਹੀ ਫਲੈਟ ‘ਚ ਸ਼ਿਫਟ ਹੋਏ ਸੀ। ਮੁੰਡੇ ਦਾ ਨਾਂ ਅਭਿਸ਼ੇਕ ਮੰਡਲ ਹੈ ਤੇ ਕੁੜੀ ਦਾ ਨਾਂ ਆਯੁਸ਼ਮਾ ਹੈ। ਦੋਨੋਂ ਕੋਲਕਾਤਾ ਦੇ ਰਹਿਣ ਵਾਲੇ ਸੀ।
ਪੁਲਿਸ ਨੂੰ ਮੌਕਾ-ਏ-ਵਾਰਦਾਤ ਤੋਂ ਸੁਸਾਇਡ ਨੋਟ ਵੀ ਮਿਲਿਆ ਹੈ, ਜੋ ਮੁੰਡੇ ਨੇ ਲਿਖਿਆ ਸੀ, ਡੇਢ ਪੇਜ ਦੇ ਨੋਟ ‘ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਅਭਿਸ਼ੇਕ ਦੇ ਸ਼ੱਕ ਕਰਨ ਦੀ ਆਦਤ ਨੇ ਉਸ ਨੂੰ ਡਿਪ੍ਰੈਸ਼ਨ ਦਾ ਸ਼ਿਕਾਰ ਬਣਾ ਦਿੱਤਾ ਸੀ ਤੇ ਕੁੜੀ ਨੇ ਅਭਿਸ਼ੇਕ ਨੂੰ ਘਰੋਂ ਵੀ ਕੱਢ ਦਿੱਤਾ ਸੀ। ਇਸ ਤੋਂ ਬਾਅਦ ਡੇਢ ਮਹਿਨਾ ਕੁੜੀ ਇਕਲੀ ਰਹੀ ਤੇ ਹੁਣ ਅਭਿਸ਼ੇਕ ਵਾਪਸ ਆਇਆ। ਦੋਨਾਂ ‘ਚ ਫੇਰ ਲੜਾਈ ਹੋਈ ਤੇ ਅਭਿਸ਼ੇਕ ਨੇ ਪਹਿਲਾਂ ਕੁੜੀ ਨੂੰ ਚਾਕੂ ਮਾਰ ਉਸ ਦਾ ਕਤਲ ਕੀਤਾ ਤੇ ਫੇਰ ਖੁਦ ਨੂੰ ਫਾਂਸੀ ਲਾ ਲਈ।