ਲਾਹੌਰ: ਅੱਜ ਪਾਕਿਸਤਾਨ ਵਾਲੇ ਬੰਨਿਓਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ। ਭਾਰਤ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੱਲ੍ਹ ਹੀ ਲਾਹੌਰ ਪੁੱਜ ਗਏ ਸਨ। ਇਮਰਾਨ ਸਰਕਾਰ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਸਿੱਧੂ ਦੀ ਮਹਿਮਾਨ ਨਵਾਜ਼ੀ ਲਈ ਪੁੱਜੇ। ਉਨ੍ਹਾਂ ਸਿੱਧੂ ਦੀ ਆਓ ਭਗਤ ਵਿੱਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਸਿੱਧੂ ਨੂੰ ਲਾਹੌਰ ਦੇ ਗਵਰਨਰ ਹਾਊਸ ਵਿੱਚ ਠਹਿਰਾਇਆ ਗਿਆ ਸੀ।

ਪਾਕਿਸਤਾਨ ਸਰਕਾਰ ਨੇ ਲਾਹੌਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ ਵਿੱਚ ਸਿੱਧੂ ਦੀ ਸ਼ਾਨ ’ਚ ਸ਼ਾਨਦਾਰ ਦਾਵਤ ਪੇਸ਼ ਕੀਤੀ। ਪੂਰਾ ਕਿਲ੍ਹਾ ਰੌਸ਼ਨੀ ਨਾਲ ਸਜਾਇਆ ਗਿਆ ਸੀ। ਖ਼ਾਸ ਗੱਲ ਇਹ ਰਹੀ ਕਿ ਕੋਹਿਨੂਰ ਹੀਰਾ ਪਾਉਣ ਦੀ ਖ਼ੁਸ਼ੀ ਵਿੱਚ ਬਣੀ ਬਾਰਾਦਰੀ ਅੱਗੇ ਪਾਕਿਸਤਾਨ ਅਸੈਂਬਲੀ ਦੇ ਸੀਐਮ ਤੇ ਰਾਜਪਾਲ ਵੱਲੋਂ ਸਿੱਧੂ ਨੂੰ ਫੁੱਲਾਂ ਵਿੱਚ ਬਿਠਾਇਆ ਗਿਆ ਸੀ।

ਇਹ ਵੀ ਪੜ੍ਹੋ- ਪਾਕਿਸਤਾਨ ਨੇ ਖੋਲ੍ਹਿਆ ਸਿੱਖਾਂ ਲਈ ਦਿਲ, ਮੋਦੀ ਨੂੰ ਵੀ ਖੁੱਲ੍ਹਾ ਸੱਦਾ

ਇਸ ਦੌਰਾਨ ਸਿੱਧੂ ਨੇ ਕਿਹਾ ਕਿ ਇਸ ਕਦਮ ਜ਼ਰੀਏ ਅਮਨ ਨਾਲ ਅੱਤਵਾਦ ਦਾ ਰਾਹ ਰੋਕਿਆ ਜਾਏਗਾ। ਭਾਰਤ ਪਾਕਿਸਤਾਨ ਨੂੰ ਅੱਗੇ ਵਧ ਕੇ ਮਿਲਕੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਦਿਲਾਂ ਦੇ ਰਾਹ ਖੁੱਲ੍ਹਣਗੇ। ਇਸੇ ਦੌਰਾਨ ਇਮਰਾਨ ਦੇ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਭਾਰਤ ਪਾਕਿਸਤਾਨ ਨੂੰ ਲੜਨ ਜਾਂ ਕਮਜ਼ੋਰ ਕਰਨ ਦੀ ਨੀਤੀ ਛੱਡ ਕੇ ਗੱਲਬਾਤ ਨਾਲ ਮਸਲੇ ਹੱਲ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ- ਸਿੱਧੂ ਨੇ ਪਾਕਿ ਧਰਤੀ ਤੋਂ ਲਾਇਆ ਮੋਦੀ 'ਤੇ ਨਿਸ਼ਾਨਾ

ਇਸ ਮੌਕੇ ਭਾਰਤ ਤੋਂ ਹੋਰ ਮਹਿਮਾਨ ਵੀ ਬੁਲਾਏ ਗਏ ਸਨ। ਸਿੱਧੂ ਦੇ ਨਾਲ-ਨਾਲ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਨਾਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਵੀ ਨੰਗੇ ਪੈਰੀਂ ਹੱਥ ਵਿੱਚ ਕਲਸ਼ ਫੜੀ ਪਾਕਿਸਤਾਨ ਪੁੱਜੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਐਸ ਐਸ ਪੁਰੀ ਅੱਜ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ- ਗੁਰੂ ਨਾਨਕ ਵਾਸਤੇ ਕੰਡਿਆਂ 'ਤੇ ਤੁਰ ਕੇ ਵੀ ਜਾਵਾਂਗਾ ਪਾਕਿਸਤਾਨ: ਸਿੱਧੂ