ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਬਾਅਦ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਪਏਗੀ। ਪਾਕਿਸਤਾਨ ਵਿੱਚ ਕੱਲ੍ਹ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾਏਗਾ।
ਵਿਦੇਸ਼ ਮੰਤਰਾਲੇ ਨੇ ਨੀਂਹ ਪੱਥਰ ਦੇ ਸਮਾਗਮਾਂ ਦੀ ਕਵਰੇਜ ਲਈ ਭਾਰਤੀ ਮੀਡੀਆ ਨੂੰ ਵੀ ਸੱਦਾ ਭੇਜਿਆ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਯੁੱਧ ਲੜਿਆ ਹੈ ਤੇ ਰਿਸ਼ਤੇ ਇੰਨੀ ਆਸਾਨੀ ਨਾਲ ਠੀਕ ਨਹੀਂ ਹੋ ਸਕਦੇ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਸਾਰਕ ਸ਼ਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੱਦਾ ਭੇਜਣਗੇ। ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜੇ ਭਾਰਤ ਸ਼ਾਂਤੀ ਤੇ ਗੱਲਬਾਤ ਲਈ ਇੱਕ ਕਦਮ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਅੱਗੇ ਵਧੇਗਾ।
ਜ਼ਿਕਰਯੋਗ ਹੈ ਕਿ 2016 ਵਿੱਚ ਪਾਕਿਸਤਾਨ ਵਿੱਚ 19ਵਾਂ ਸ਼ਿਖਰ ਸੰਮੇਲਨ ਕਰਾਇਆ ਜਾਣਾ ਸੀ ਪਰ ਭਾਰਤ ਸਮੇਤ ਬੰਗਲਾਦੇਸ਼, ਭੂਟਾਨ ਤੇ ਅਫ਼ਗ਼ਾਨਿਸਤਾਨ ਨੇ ਇਸ ਸੰਮੇਲਨ ਵਿੱਚ ਹਿੱਸਾ ਲੈਣੋਂ ਨਾਂਹ ਕਰ ਦਿੱਤੀ ਸੀ, ਕਿਉਂਕਿ 18 ਸਤੰਬਰ ਨੂੰ ਭਾਰਤ ਵਿੱਚ ਜੰਮੂ-ਕਸ਼ਮੀਰ ਦੇ ਉਰੀ ਵਿੱਚ ਭਾਰਤੀ ਫੌਜ ਕੈਂਪ ’ਤੇ ਅੱਤਵਾਦੀ ਹਮਲਾ ਹੋ ਗਿਆ ਸੀ। ਇਸੇ ਹਮਲੇ ਦੇ ਵਿਰੋਧ ਵਿੱਚ ਭਾਰਤ ਨੇ ਪਾਕਿਸਤਾਨ ਵਿੱਚ ਹੋ ਰਹੇ ਸਾਰਕ ਸੰਮੇਲਨ ਵਿੱਚ ਹਿੱਸਾ ਨਹੀਂ ਲਿਆ ਸੀ।