IndiGo Flight Molestation: ਪਿਛਲੇ ਕੁਝ ਮਹੀਨਿਆਂ ਤੋਂ ਫਲਾਈਟਾਂ 'ਚ ਛੇੜਛਾੜ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲਾ ਮੁੰਬਈ ਤੋਂ ਗੁਹਾਟੀ ਜਾ ਰਹੀ ਇੰਡੀਗੋ ਦੀ ਫਲਾਈਟ ਦਾ ਸਾਹਮਣੇ ਆਇਆ ਹੈ। ਫਲਾਈਟ ਵਿੱਚ ਇੱਕ ਔਰਤ ਨਾਲ ਛੇੜਛਾੜ ਹੋਈ ਹੈ। ਪੀੜਤ ਮਹਿਲਾ ਯਾਤਰੀ ਨੇ ਦੋਸ਼ ਲਾਇਆ ਹੈ ਕਿ ਉਸ ਦੇ ਕੋਲ ਬੈਠੇ ਵਿਅਕਤੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਇਹ ਵਿਅਕਤੀ ਉਸ ਦੇ ਬੇਹੱਦ ਨੇੜੇ ਵੀ ਆ ਗਿਆ, ਜਿਸ ਤੋਂ ਬਾਅਦ ਮਹਿਲਾ ਯਾਤਰੀ ਨੇ ਰੌਲਾ ਪਾਇਆ। ਮੁਲਜ਼ਮ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



ਪੀੜਤ ਮਹਿਲਾ ਯਾਤਰੀ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਫਲਾਈਟ 'ਚ ਆਰਾਮ ਕਰ ਰਹੀ ਸੀ। ਇਸ ਦੌਰਾਨ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਆਰਮਰੈਸਟ ਉੱਪਰ ਉੱਠੀ ਹੋਈ ਸੀ, ਜਿਸ 'ਤੇ ਔਰਤ ਨੇ ਪਹਿਲਾਂ ਤਾਂ ਕੁਝ ਨਹੀਂ ਕਿਹਾ। ਹਾਲਾਂਕਿ, ਮਹਿਲਾ ਯਾਤਰੀ ਨੂੰ ਯਕੀਨਨ ਸ਼ੱਕ ਸੀ ਕਿ ਕੁਝ ਗਲਤ ਹੈ।



ਪੀੜਤਾ ਨੇ ਸ਼ਿਕਾਇਤ 'ਚ ਕਿਹਾ, 'ਮੈਂ ਫਿਰ ਸੌਂਣ ਦੀ ਐਕਟਿੰਗ ਕੀਤੀ ਤੇ ਅੱਖਾਂ ਬੰਦ ਕਰ ਲਈਆਂ। ਇਸ ਤੋਂ ਬਾਅਦ ਪਤਾ ਲੱਗਾ ਕਿ ਮੇਰੇ ਕੋਲ ਬੈਠੇ ਵਿਅਕਤੀ ਨੇ ਆਰਮਰੈਸਟ ਉੱਚੀ ਕੀਤੀ ਤੇ ਉਹ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨਾ ਹੀ ਨਹੀਂ ਵਿਅਕਤੀ ਉਸ ਦੇ ਕਾਫੀ ਨੇੜੇ ਵੀ ਆ ਗਿਆ ਸੀ।



ਇਸ ਪੂਰੀ ਘਟਨਾ ਤੋਂ ਬਾਅਦ ਮਹਿਲਾ ਨੇ ਫਲਾਈਟ 'ਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਫਲਾਈਟ ਅਟੈਂਡੈਂਟ ਦੌੜ ਕੇ ਉਸ ਕੋਲ ਆਈ। ਸ਼ੋਰ ਕਾਰਨ ਨੇੜੇ ਬੈਠੇ ਸਾਰੇ ਯਾਤਰੀ ਵੀ ਜਾਗ ਗਏ। ਮਹਿਲਾ ਯਾਤਰੀ ਨੇ ਪੂਰੀ ਘਟਨਾ ਫਲਾਈਟ ਕੋਚ ਨੂੰ ਦੱਸੀ। ਬਾਅਦ 'ਚ ਮੁਲਜ਼ਮ ਨੇ ਡਰਦੇ ਮਾਰੇ ਮੁਆਫੀ ਵੀ ਮੰਗਣੀ ਸ਼ੁਰੂ ਕਰ ਦਿੱਤੀ।


ਮਾਮਲੇ ਤੋਂ ਬਾਅਦ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਇਹ ਪਹਿਲੀ ਵਾਰ ਨਹੀਂ ਕਿ ਕਿਸੇ ਫਲਾਈਟ 'ਚ ਅਜਿਹੀ ਘਟਨਾ ਸੁਣੀ ਗਈ ਹੋਵੇ। ਪਿਛਲੇ ਤਿੰਨ ਮਹੀਨਿਆਂ ਵਿੱਚ ਛੇੜਛਾੜ ਦਾ ਇਹ ਪੰਜਵਾਂ ਮਾਮਲਾ ਦੱਸਿਆ ਜਾ ਰਿਹਾ ਹੈ।