ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫੇਮਸ ਵਾਇਲਡ ਲਾਈਫ ਪ੍ਰੋਗਰਾਮ ‘ਮੈਨ ਵਰਸਿਜ਼ ਵਾਇਲਡ’ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਕਿੱਸੇ ਸਾਂਝੇ ਕੀਤੇ। ਸ਼ੋਅ ਦੌਰਾਨ ਮੋਦੀ ਨੇ ਦੱਸਿਆ ਕਿ 18 ਸਾਲਾਂ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਨੇ ਕੰਮ ਤੋਂ ਛੁੱਟੀ ਲਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਸ਼ੋਅ ‘ਚ ਕੀ-ਕੀ ਗੱਲਾਂ ਕੀਤੀਆਂ ਆਓ ਜਾਣਦੇ ਹਾਂ।



1.
ਬਚਪਨ ਨੂੰ ਯਾਦ ਕਰਦੇ ਹੋਏ ਮੋਦੀ ਨੇ ਕਿਹਾ ਕਿ ਗਰੀਬੀ ਦੇ ਬਾਵਜੂਦ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਕੁਦਰਤ ਨਾਲ ਜੁੜਿਆ ਰਿਹਾ।



2. ਪੀਐਮ ਨੇ ਕਿਹਾ ਕਿ ਸਾਨੂੰ ਕਦੇ ਕੁਦਰਤ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਜਦੋਂ ਵੀ ਸਾਨੂੰ ਲੱਗਦਾ ਹੈ ਕਿ ਕੁਦਰਤ ਨਾਲ ਸਾਡਾ ਨਾਤਾ ਵਿਗੜ ਰਿਹਾ ਹੈ, ਸਮੱਸਿਆ ਉੱਥੋਂ ਹੀ ਸ਼ੁਰੂ ਹੁੰਦੀ ਹੈ।

3. ਕੀ ਉਹ ਚੰਗੇ ਵਿਦਿਆਰਥੀ ਸੀ, ਇਸ ਸਵਾਲ ‘ਤੇ ਉਨ੍ਹਾਂ ਹੱਸਦੇ ਹੋਏ ਕਿਹਾ ਕਿ, “ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਚੰਗਾ ਵਿਦਿਆਰਥੀ ਸੀ ਜਾਂ ਨਹੀਂ ਪਰ ਗਰੀਬ ਹੋਣ ਦੇ ਬਾਵਜੂਦ ਮੈਨੂੰ ਸਕੂਲ ਸਾਫ਼ ਵਰਦੀ ‘ਚ ਜਾਣਾ ਪਸੰਦ ਸੀ।



4.
ਸ਼ੋਅ ਦੌਰਾਨ ਪ੍ਰਧਾਨ ਮੰਤਰੀ ਦੇ ਰੇਲਵੇ ਸਟੇਸ਼ਨ ‘ਤੇ ਚਾਹ ਵੇਚਣ ਦਾ ਵੀ ਜ਼ਿਕਰ ਆਇਆ। ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰੇਲਵੇ ਸਟੇਸ਼ਨ ‘ਤੇ ਚਾਹ ਵੇਚਦੇ ਸੀ।



5. ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਮੈਂ ਦੁਨੀਆ ਨੂੰ ਸਮਝਣਾ ਚਾਹੁੰਦਾ ਸੀ। ਅਧਿਆਤਮਕ ਦੁਨੀਆ ਦੇਖਣ ਲਈ ਮੈਂ ਹਿਮਾਲਿਆ ਗਿਆ। ਮੈਨੂੰ ਕੁਦਰਤ ਨਾਲ ਪਿਆਰ ਹੈ। ਮੈਂ ਉੱਥੇ ਲੰਬਾ ਸਮਾਂ ਗੁਜ਼ਾਰਿਆ।”

6. ਗ੍ਰਿਲਸ ਦੇ ਸਵਾਲਾਂ ‘ਤੇ ਮੋਦੀ ਨੇ ਤਾਲਾਬ ਵਿੱਚੋਂ ਮਗਰਮੱਛ ਦਾ ਬੱਚਾ ਫੜ੍ਹਕੇ ਘਰ ਲਿਆਉਣ ਦਾ ਕਿੱਸਾ ਵੀ ਸੁਣਾਇਆ ਜਿਸ ਨੂੰ ਉਨ੍ਹਾਂ ਨੇ ਮਾਂ ਦੇ ਸਮਝਾਉਣ ਤੋਂ ਬਾਅਦ ਛੱਡ ਦਿੱਤਾ ਸੀ।

7. ਸ਼ੋਅ ਦੌਰਾਨ ਮੋਦੀ ਨੇ ਕਿਹਾ ਕਿ ਮੈਨੂੰ ਸਭ ਤੋਂ ਪਹਿਲਾਂ ਗੁਜਰਾਤ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਤੇ ਜਿਸ ਤੋਂ ਬਾਅਦ ਦੇਸ਼ ਦੀ ਸੇਵਾ ਦਾ ਮੌਕਾ ਵੀ ਮਿਲ ਗਿਆ। ਉਨ੍ਹਾਂ ਦੱਸਿਆ ਕਿ ਲੰਬੇ ਅਰਸੇ ਬਾਅਦ ਉਨ੍ਹਾਂ ਨੇ ਕੰਮ ਤੋਂ ਛੁੱਟੀ ਲਈ ਹੈ।

8. ਬੇਅਰ ਗ੍ਰਿਲਸ ਨੇ ਮੋਦੀ ਨੂੰ ਪੁੱਛਿਆ ਕਿ ਜੇਕਰ ਤੁਸੀਂ ਦਨੀਆ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਹ ਕੀ ਹੋਵੇਗਾ? ਇਸ ‘ਤੇ ਮੋਦੀ ਨੇ ਕਿਹਾ ਕਿ ਕੁਦਰਤ ਤੋਂ ਕੁਝ ਵੀ ਲੈਂਦੇ ਹੋ ਤਾਂ ਸੋਚੋ ਕਿ 50 ਸਾਲ ਬਾਅਦ ਜੋ ਬੱਚਾ ਹੋਵੇਗਾ, ਉਹ ਪੁੱਛੇਗਾ ਕਿ ਮੇਰੇ ਹੱਕ ਦੀ ਹਵਾ ਕਿਉਂ ਖ਼ਰਾਬ ਕਰ ਰਹੇ ਹੋ।