vਇੰਫਾਲ: ਪੱਤਰਕਾਰ ਨੂੰ ਮਣੀਪੁਰ ਦੇ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਆਲੋਚਨਾ ਕਰਨੀ ਭਾਰੀ ਪੈ ਗਈ। ਪੱਤਰਕਾਰ ਕਿਸ਼ੋਰਚੰਦਰ ਵਾਂਗਖੇਮ ਨੂੰ ਮੁੱਖ ਮੰਤਰੀ ਦੀ ਆਲੋਚਨਾ ਕਰਨ ਲਈ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਦਰਅਸਲ, ਵਾਂਗਖੇਮ ਨੇ ਵੀਡੀਓ ਜ਼ਰੀਏ ਮੁੱਖ ਮੰਤਰੀ ਬੀਰੇਨ ਸਿੰਘ ਵੱਲੋਂ ਝਾਂਸੀ ਦੀ ਰਾਣੀ ਦੇ ਜਨਮ ਉਤਸਵ ਮਨਾਉਣ ’ਤੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ। ਵੀਡੀਓ ਵਿੱਚ ਉਨ੍ਹਾਂ ਕਥਿਤ ਤੌਰ ’ਤੇ ਮਾੜੇ ਲਫ਼ਜ਼ਾਂ ਦਾ ਇਸਤੇਮਾਲ ਕੀਤਾ ਤੇ ਮੁੱਖ ਮੰਤਰੀ ਬੀਰੇਨ ਨੂੰ ਕੇਂਦਰ ਦੀ ਕਠਪੁਤਲੀ ਕਰਾਰ ਦਿੱਤਾ ਸੀ।
ਹਾਲਾਂਕਿ ਜੇਲ੍ਹ ਜਾਣ ਦੇ 24 ਘੰਟਿਆਂ ਅੰਦਰ ਹੀ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਸੀਜੇਐਮ ਅਦਾਲਤ ਨੇ ਕਿਹਾ ਕਿ ਪੱਤਰਕਾਰ ਦਾ ਬਿਆਨ ਸੀਐਮ ਦੇ ਖ਼ਿਲਾਫ਼ ਹੈ ਤੇ ਇਸ ਨੂੰ ਰਾਜ ਧਰੋਹ ਕਰਾਰ ਦਿੱਤਾ ਜਾ ਸਕਦਾ ਹੈ। ਇਹ ਵੀਡੀਓ 19 ਨਵੰਬਰ ਨੂੰ ਜਾਰੀ ਕੀਤਾ ਗਿਆ ਸੀ। ਵੀਡੀਓ ਵਿੱਚ ਕਿਸ਼ੋਰਚੰਦਰ ਵਾਂਗਖੇਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਬੇਹੱਦ ਦੁੱਖ ਹੈ ਕਿ ਰਾਜ ਵਿੱਚ ਝਾਂਸੀ ਦੀ ਰਾਣੀ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ।
ਕਿਸ਼ੋਰਚੰਦਰ ਨੇ ਕਿਹਾ ਕਿ ਝਾਂਸੀ ਦੀ ਰਾਣੀ ਦਾ ਮਣੀਪੁਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੀਐਮ ਝਾਂਸੀ ਦੀ ਰਾਣੀ ਦਾ ਜਨਮਦਿਨ ਸਿਰਫ ਇਸ ਲਈ ਮਨਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਕੇਂਦਰ ਨੇ ਅਜਿਹਾ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਸਰਕਾਰ ਨੇ ਖ਼ੁਦ ਕਿਹਾ ਹੈ ਕਿ ਉਹ ਝਾਂਸੀ ਦੀ ਰਾਣੀ ਦੇ ਦੇਸ਼ ਦੀ ਏਕਤਾ ਵਿੱਚ ਪਾਏ ਯੋਗਦਾਨ ਲਈ ਉਨ੍ਹਾਂ ਦਾ ਜਨਮ ਉਤਸਵ ਮਨਾ ਰਹੀ ਹੈ। ਇਸ ’ਤੇ ਪੱਤਰਕਾਰ ਨੇ ਸੀਐਮ ਨੂੰ ਕੇਂਦਰ ਦੀ ਕਠਪੁਤਲੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੀਐਮ ਐਨ. ਬੀਰੇਨ ਸਿੰਘ ਕੇਂਦਰ ਦੀ ਪਪੇਟ ਹੈ।