Manipur Violence Latest News: ਮਨੀਪੁਰ ਵਿੱਚ ਇੱਕ ਵਾਰ ਹਿੰਸਾ ਭੜਕ ਗਈ ਤੇ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤਾਂ ਕੇਂਦਰ ਸਰਕਾਰ ਹਰਕਤ ਵਿੱਚ ਆਈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ ਡੀਜੀ ਸੀਆਰਪੀਐਫ ਅਨੀਸ਼ ਦਿਆਲ ਮਨੀਪੁਰ ਲਈ ਰਵਾਨਾ ਹੋ ਗਏ ਹਨ। ਉਹ ਉਥੇ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਆਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ। ਉਹ ਨਾਗਪੁਰ ਤੋਂ ਦਿੱਲੀ ਪਰਤ ਆਏ ਹਨ।


ਸੂਤਰਾਂ ਮੁਤਾਬਕ, ਸੁਰੱਖਿਆ ਬਲ ਤੇ ਸੂਬਾ ਪੁਲਸ ਸੂਬੇ 'ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਵੀਂ ਰਣਨੀਤੀ ਬਣਾ ਰਹੀ ਹੈ। ਮਨੀਪੁਰ ਦੇ ਕੁਝ ਖੇਤਰਾਂ ਵਿੱਚ ਜਿੱਥੇ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ। ਉਥੇ ਮੁੜ ਕਰਫਿਊ ਲਗਾ ਦਿੱਤਾ ਗਿਆ ਹੈ। ਕੁਝ ਇਲਾਕਿਆਂ 'ਚ ਇੰਟਰਨੈੱਟ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। 



ਇੱਕ ਵਾਰ ਫਿਰ ਮਨੀਪੁਰ ਦੇ ਕੁੱਝ ਇਲਾਕਿਆਂ ਵਿੱਚ ਲਗਾਤਾਰ ਤਣਾਅ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਿਸ਼ਨੂਪੁਰ, ਇੰਫਾਲ, ਜਿਰੀਬਿਮ ਖੇਤਰਾਂ 'ਚ ਜ਼ਿਆਦਾ ਤਣਾਅ ਹੈ। ਅਜਿਹੇ 'ਚ ਇੱਥੇ ਵੀ ਮੁੜ ਕਰਫਿਊ ਲਗਾ ਦਿੱਤਾ ਗਿਆ ਹੈ।


ਜ਼ਿਕਰਯੋਗ ਹੈ ਕਿ ਮਨੀਪੁਰ 'ਚ ਤਾਜ਼ਾ ਹਿੰਸਾ ਸ਼ਨੀਵਾਰ ਨੂੰ ਅਸਾਮ-ਮਨੀਪੁਰ ਸਰਹੱਦ 'ਤੇ ਜਿਰੀਬਾਮ 'ਚ ਪਿਛਲੇ ਮੰਗਲਵਾਰ ਨੂੰ ਅਗਵਾ ਕੀਤੇ ਗਏ ਇੱਕੋ ਪਰਿਵਾਰ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸ਼ੁਰੂ ਹੋਈ ਸੀ। 



ਦੋਸ਼ ਹੈ ਕਿ ਕੁਕੀ ਅੱਤਵਾਦੀਆਂ ਨੇ ਉਨ੍ਹਾਂ ਨੂੰ ਅਗਵਾ ਕੀਤਾ ਸੀ। ਇਸ ਵਹਿਸ਼ੀਆਨਾ ਕਤਲੇਆਮ ਤੋਂ ਬਾਅਦ ਗੁੱਸੇ 'ਚ ਆਏ ਮੈਤਈ ਲੋਕ ਸੜਕਾਂ 'ਤੇ ਆ ਗਏ ਹਨ ਤੇ ਲਗਾਤਾਰ ਹਿੰਸਕ ਪ੍ਰਦਰਸ਼ਨ ਕਰ ਰਹੇ ਹਨ। ਸ਼ਨੀਵਾਰ (16 ਨਵੰਬਰ 2024) ਨੂੰ ਭੀੜ ਨੇ ਸੂਬੇ ਦੇ ਤਿੰਨ ਮੰਤਰੀਆਂ ਅਤੇ ਛੇ ਵਿਧਾਇਕਾਂ ਦੇ ਘਰਾਂ ਨੂੰ ਘੇਰ ਲਿਆ ਅਤੇ ਭੰਨ-ਤੋੜ ਕੀਤੀ। ਮੰਤਰੀਆਂ ਦੇ ਘਰਾਂ 'ਤੇ ਹਮਲਿਆਂ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਮਣੀਪੁਰ ਦੇ ਮੁੱਖ ਮੰਤਰੀ ਦੇ ਘਰ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।



ਮਨੀਪੁਰ ਵਿੱਚ ਸਿਵਲ ਸੋਸਾਇਟੀ ਸਮੂਹਾਂ ਨੇ ਰਾਜ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਜਾਰੀ ਕੀਤਾ ਹੈ, ਜਿਸ ਵਿੱਚ ਹਥਿਆਰਬੰਦ ਅੱਤਵਾਦੀ ਸਮੂਹਾਂ ਵਿਰੁੱਧ ਫੈਸਲਾਕੁੰਨ ਕਾਰਵਾਈ ਦੀ ਮੰਗ ਕੀਤੀ ਗਈ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :