ਨਵੀਂ ਦਿੱਲੀ: ਸੀਨੀਅਰ ਅਕਾਲੀ ਲੀਡਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਥਾਂ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਲੈ ਲਈ ਹੈ। ਅੱਜ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਹੋਈ ਤੇ ਸਿਰਸਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਅਜਿਹੇ ਵਿੱਚ ਜੀਕੇ ਹਾਸ਼ੀਏ 'ਤੇ ਚਲੇ ਗਏ ਜਾਪਦੇ ਹਨ।

ਤਾਜ਼ਾ ਚੋਣਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ, ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕੱਤਰ, ਕੁਲਵੰਤ ਸਿੰਘ ਬਾਠ ਨੂੰ ਮੀਤ ਪ੍ਰਧਾਨ ਚੁਣੇ ਗਏ ਹਨ। ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਨੂੰ ਬਣਾਇਆ ਗਿਆ ਹੈ ਤੇ ਸੰਯੁਕਤ ਸਕੱਤਰ ਦਾ ਅਹੁਦਾ ਹਰਵਿੰਦਰ ਸਿੰਘ ਕੇਪੀ ਨੂੰ ਸੰਭਾਲਿਆ ਗਿਆ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ। ਕਈ ਕਾਨੂੰਨੀ ਅੜਚਨਾਂ ਦੇ ਬਾਅਦ ਅੱਜ ਇਹ ਚੋਣਾਂ ਨੇਪਰੇ ਚੜ੍ਹ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਕਮੇਟੀ ਦੀ ਕਾਰਜਕਾਰਨੀ ਵੀ ਭੰਗ ਕਰ ਦਿੱਤੀ ਗਈ ਸੀ।

ਇਸ ਮਗਰੋਂ ਜੀਕੇ 'ਤੇ ਭ੍ਰਿਸ਼ਟਾਚਾਰ ਦਾ ਕੇਸ ਵੀ ਦਰਜ ਹੋ ਗਿਆ ਸੀ। ਜੀਕੇ ਦੇ ਵਿਰੋਧੀ ਸਰਨਾ ਧੜੇ ਦੇ ਸਿੱਖ ਆਗੂ ਗੁਰਮੀਤ ਸਿੰਘ ਸ਼ੰਟੀ ਨੇ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਹ ਹੁਣ ਕਮੇਟੀ ਤੇ ਸਰਗਰਮ ਸਿੱਖ ਸਿਆਸਤ ਤੋਂ ਬਾਹਰ ਹੋ ਗਏ ਜਾਪਦੇ ਹਨ।