Manjinder Sirsa Reaction: ਦਿੱਲੀ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਦਿੱਲੀ ਵਿੱਚ ਸਿੱਖ ਭਾਈਚਾਰੇ ਦੇ ਕਤਲੇਆਮ ਦੇ 40 ਸਾਲ ਬਾਅਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਕਤਲ ਦੇ ਦੋਸ਼ ਤੈਅ ਹੋਏ ਹਨ। ਸੀਬੀਆਈ ਨੇ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਸਿੱਖ ਦੰਗਿਆਂ ਦੌਰਾਨ ਪੁਲ ਬੰਗਸ਼ ਗੁਰਦੁਆਰੇ ਦੇ ਆਜ਼ਾਦ ਮਾਰਕੀਟ ਇਲਾਕੇ ਵਿੱਚ ਮੌਜੂਦ ਜਗਦੀਸ਼ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ, ਜਿਸ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ ਸੀ। ਇਸ ਹਿੰਸਾ ਵਿੱਚ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰੂ ਚਰਨ ਸਿੰਘ ਮਾਰੇ ਗਏ ਸਨ। ਸੀਬੀਆਈ ਨੇ ਟਾਈਟਲਰ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 147 (ਦੰਗੇ), 109 (ਉਕਸਾਉਣ) ਅਤੇ 302 (ਕਤਲ) ਦੇ ਤਹਿਤ ਦੋਸ਼ੀ ਠਹਿਰਾਇਆ ਸੀ।
BJP ਆਗੂ ਮਨਜਿੰਦਰ ਸਿੰਘ ਸਿਰਸਾ ਇਸ ਮਾਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਕਸ ਉੱਤੇ ਪੋਸਟ ਪਾ ਕੇ ਮੋਦੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ - ''ਮੈਂ 1984 ਦੇ ਦਿੱਲੀ ਕਤਲੇਆਮ ਦੇ ਸਬੰਧ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਜਗਦੀਸ਼ ਟਾਈਟਲਰ ਵਿਰੁੱਧ ਦੋਸ਼ ਆਇਦ ਕਰਨ ਲਈ ਰੌਜ਼ ਐਵੇਨਿਊ ਅਦਾਲਤ ਦਾ ਦਿਲੋਂ ਸੁਆਗਤ ਕਰਦਾ ਹਾਂ''। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਦੀ ਤਰ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਵੀ ਜੇਲ੍ਹ 'ਚ ਸੜੇਗਾ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ। ਪੀੜਤ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਹੁਣ ਇੱਕ ਉਮੀਦ ਜਾਗੀ ਹੈ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲੇ। ਇਸ ਦੇ ਨਾਲ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ 40 ਸਾਲਾਂ ਦੀ ਲੜਾਈ ਦਾ ਵੱਡਾ ਸੰਘਰਸ਼ ਸੀ ਅਤੇ ਇਸ ਸੰਘਰਸ਼ ਦੌਰਾਨ ਕਈ ਲੋਕ ਆਏ ਅਤੇ ਕਈ ਲੋਕ ਇਸ ਜਹਾਨ ਨੂੰ ਛੱਡ ਗਏ। ਅਸੀਂ ਇਹ ਲੜਾਈ ਲਗਾਤਾਰ ਲੜ ਰਹੇ ਸੀ ਅਤੇ ਅੱਜ ਮਿਲੀ ਰਾਹਤ ਪੀੜਤ ਪਰਿਵਾਰ ਲਈ ਵੱਡੀ ਰਾਹਤ ਹੈ। ਆਉਣ ਵਾਲੇ ਸਮੇਂ ਵਿੱਚ ਇਹ ਤੈਅ ਹੈ ਕਿ ਜਗਦੀਸ਼ ਟਾਈਟਲਰ ਵੀ ਸੱਜਣ ਕੁਮਾਰ ਵਾਂਗ ਸਲਾਖਾਂ ਪਿੱਛੇ ਹੋਵੇਗਾ।