Andhra College Scandal Latest News:  ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਸਥਿਤ ਗੁਡਲਾਵਲੇਰੂ ਕਾਲਜ ਆਫ਼ ਇੰਜੀਨੀਅਰਿੰਗ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲੜਕੀਆਂ ਦੇ ਹੋਸਟਲ ਦੇ ਟਾਇਲਟ ਵਿੱਚ ਇੱਕ ਗੁਪਤ ਕੈਮਰਾ ਮਿਲਿਆ ਹੈ। ਇਸ ਕੈਮਰੇ ਨਾਲ ਬਣਾਈਆਂ ਗਈਆਂ ਕੁਝ ਵੀਡੀਓਜ਼ ਵਿਦਿਆਰਥੀਆਂ 'ਚ ਕਥਿਤ ਤੌਰ 'ਤੇ ਵਾਇਰਲ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।


ਗੁਪਤ ਕੈਮਰੇ ਬਾਰੇ ਪਤਾ ਲੱਗਣ ਤੋਂ ਬਾਅਦ ਵਿਦਿਆਰਥੀਆਂ ਨੇ ਇਸ ਸਬੰਧੀ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਫਾਈਨਲ ਈਅਰ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 


ਜਾਣਕਾਰੀ ਅਨੁਸਾਰ ਕਾਲਜ ਦੇ ਹੋਸਟਲ ਦੇ ਟਾਇਲਟ ਦੇ ਅੰਦਰ ਰੱਖਿਆ ਇਹ ਕੈਮਰਾ ਇੱਕ ਵਿਦਿਆਰਥੀ ਨੂੰ ਮਿਲਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਵੀਰਵਾਰ (29 ਅਗਸਤ 2024) ਰਾਤ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਕੈਂਪਸ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿੱਜਤਾ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ।


ਵਿਦਿਆਰਥੀਆਂ ਅਨੁਸਾਰ ਇਸ ਗੁਪਤ ਕੈਮਰੇ ਤੋਂ ਕਥਿਤ ਤੌਰ 'ਤੇ 300 ਤੋਂ ਵੱਧ ਵੀਡੀਓਜ਼ ਰਿਕਾਰਡ ਕੀਤੀਆਂ ਗਈਆਂ ਤੇ ਕਥਿਤ ਤੌਰ 'ਤੇ ਲੜਕਿਆਂ ਦੇ ਹੋਸਟਲ 'ਚ ਪ੍ਰਸਾਰਿਤ ਕੀਤੀਆਂ ਗਈਆਂ। ਵੀਰਵਾਰ ਰਾਤ ਨੂੰ ਹੀ ਵਿਦਿਆਰਥਣਾਂ ਨੇ ਇਸ ਵੀਡੀਓ ਨੂੰ ਪੋਸਟ ਕਰਕੇ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 


ਧਰਨੇ ਦੌਰਾਨ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਫਾਈਨਲ ਈਅਰ ਦੇ ਵਿਦਿਆਰਥੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੈਮਰਾ ਲਗਾਉਣ 'ਚ ਸ਼ਾਮਲ ਸੀ। ਅਧਿਕਾਰੀਆਂ ਮੁਤਾਬਕ, ਵਿਦਿਆਰਥੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


ਹਾਲਾਂਕਿ ਕਾਲਜ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਲੜਕੀਆਂ ਦੇ ਹੋਸਟਲ ਵਿੱਚ ਕੋਈ ਵੀ ਗੁਪਤ ਕੈਮਰਾ ਨਹੀਂ ਮਿਲਿਆ ਹੈ। ਉਹ ਪੁਲਿਸ ਦੀ ਜਾਂਚ ਵਿੱਚ ਸਹਿਯੋਗ ਕਰ ਰਿਹਾ ਹੈ। ਉਸ ਨੇ ਕੈਂਪਸ ਵਿੱਚ ਵਾਧੂ ਸੁਰੱਖਿਆ ਉਪਾਅ ਕਰਨ ਦਾ ਵੀ ਵਾਅਦਾ ਕੀਤਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਦੀ ਹਾਜ਼ਰੀ ਵਿੱਚ ਮੁਲਜ਼ਮਾਂ ਦੇ ਲੈਪਟਾਪ, ਮੋਬਾਈਲ ਫ਼ੋਨ ਅਤੇ ਹੋਰ ਇਲੈਕਟ੍ਰਾਨਿਕ ਯੰਤਰਾਂ ਦੀ ਜਾਂਚ ਕੀਤੀ ਹੈ ਅਤੇ ਕੋਈ ਵੀ ਪੁਖਤਾ ਸਬੂਤ ਨਹੀਂ ਮਿਲਿਆ ਹੈ। ਅਗਲੇਰੀ ਜਾਂਚ ਜਾਰੀ ਹੈ।