ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ। ਮਨਮੋਹਨ ਸਿੰਘ ਬਿਨਾਂ ਮੁਕਾਬਲੇ ਸਾਂਸਦ ਚੁਣੇ ਗਏ। ਰਾਜਸਥਾਨ ਵਿਧਾਨ ਸਭਾ ਦੇ ਚੋਣ ਤੇ ਰਾਜ ਸਭਾ ਚੋਣ ਅਧਿਕਾਰੀ ਪ੍ਰਮਿਲ ਕੁਮਾਰ ਮਾਥੁਰ ਨੇ ਸਰਕਾਰੀ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੂੰ ਮਨਮੋਹਨ ਸਿੰਘ ਦੀ ਚੋਣ ਦਾ ਪ੍ਰਮਾਣ ਪੱਤਰ ਸੌਂਪਿਆ। ਮਨਮੋਹਨ ਸਿੰਘ ਦੀ ਥਾਂ ਮਹੇਸ਼ ਜੋਸ਼ੀ ਨੂੰ ਰਾਜ ਸਭਾ ਵਿੱਚ ਚੋਣ ਦਾ ਪ੍ਰਮਾਣ ਪੱਤਰ ਮਿਲਿਆ ਹੈ।
ਮਹੇਸ਼ ਜੋਸ਼ੀ ਮਨਮੋਹਨ ਸਿੰਘ ਦੇ ਚੋਣ ਏਜੰਟ ਹਨ। ਐਤਵਾਰ ਸ਼ਾਮ ਨੂੰ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਮਨਮੋਹਨ ਸਿੰਘ ਨੂੰ ਰਾਜਸਥਾਨ ਤੋਂ ਕਾਂਗਰਸ ਦੀ ਟਿਕਟ 'ਤੇ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਹੈ। ਇਹ ਸੀਟ ਰਾਜਸਥਾਨ ਦੇ ਬੀਜੇਪੀ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਮਦਨ ਲਾਲ ਸੈਣੀ ਦੇ ਅਚਾਨਕ ਦੇਹਾਂਤ ਹੋਣ ਕਾਰਨ ਖਾਲੀ ਹੋਈ ਸੀ। ਮਨਮੋਹਨ ਸਿੰਘ ਖਿਲਾਫ ਬੀਜੇਪੀ ਨੇ ਆਪਣਾ ਉਮੀਦਵਾਰ ਨਹੀਂ ਖੜ੍ਹਾ ਕੀਤਾ, ਜਿਸ ਕਾਰਨ ਬਿਨਾਂ ਮੁਕਾਬਲਾ ਉਨ੍ਹਾਂ ਦੀ ਚੋਣ ਹੋ ਗਈ।
ਯਾਦ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪਿਛਲੇ ਮੰਗਲਵਾਰ ਰਾਜ ਸਭਾ ਦੀ ਮੈਂਬਰਸ਼ਿਪ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸੀ। ਮਨਮੋਹਨ ਸਿੰਘ ਲਗਪਗ ਤਿੰਨ ਦਹਾਕਿਆਂ ਤੋਂ ਅਸਾਮ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਰਹੇ ਹਨ। ਉਨ੍ਹਾਂ ਦਾ ਕਾਰਜਕਾਲ 14 ਜੂਨ ਨੂੰ ਖ਼ਤਮ ਹੋਇਆ ਹੈ। ਰਾਜਸਥਾਨ ਤੋਂ ਬਿਨਾਂ ਮੁਕਾਬਲਾ ਚੁਣੇ ਜਾਣ ਤੋਂ ਬਾਅਦ ਹੁਣ ਮਨਮੋਹਨ ਸਿੰਘ 3 ਅਪਰੈਲ 2024 ਤੱਕ ਰਾਜ ਸਭਾ ਮੈਂਬਰ ਬਣੇ ਰਹਿਣਗੇ।