ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ 3,000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿਆ ਹੈ। ਕੰਪਨੀ ਦੇ ਉੱਚ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਆਟੋਮੋਬਾਈਲ ਖੇਤਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ, ਕਈ ਮਾਹਰ ਇਸ ਨੂੰ ਬਾਜ਼ਾਰ ਵਿੱਚ ਆਉਣ ਵਾਲੀ ਮੰਦੀ ਦੇ ਸੰਕੇਤ ਦੱਸ ਰਹੇ ਹਨ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ.ਸੀ. ਭਾਰਗਵ ਦਾ ਕਹਿਣਾ ਹੈ ਕਿ ਸਨਅਤ ਵਿੱਚ ਨਰਮੀ ਨੂੰ ਦੇਖਦੇ ਹੋਏ ਕੱਚੇ ਕਰਮਚਾਰੀਆਂ ਦੇ ਕੌਂਟਰੈਕਟ ਨੂੰ ਰੀਨਿਊ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੱਕੇ ਕਰਮਚਾਰੀਆਂ ਦਾ ਇਸ 'ਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ। ਭਾਰਗਵ ਨੇ ਕਿਹਾ ਕਿ ਇਹ ਕਾਰੋਬਾਰ ਦਾ ਹਿੱਸਾ ਹੈ। ਜਦ ਮੰਗ ਵਧਦੀ ਹੈ ਤਾਂ ਠੇਕੇ 'ਤੇ ਵਾਧੂ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ ਅਤੇ ਜਦ ਮੰਗ ਘਟਦੀ ਹੈ ਤਾਂ ਉਨ੍ਹਾਂ ਦੀ ਗਿਣਤੀ ਵੀ ਘਟਾਈ ਜਾਂਦੀ ਹੈ।

ਮੁਲਾਜ਼ਮਾਂ ਦੀ ਛਾਂਟੀ ਦੇ ਬਾਵਜੂਦ ਵੀ ਕੰਪਨੀ ਨੇ ਸਰਕਾਰ ਤੋਂ ਟੈਕਸ ਵਿੱਚ ਛੋਟ ਦੇਣ ਦੀ ਮੰਗ ਵੀ ਕੀਤੀ ਹੈ। ਸੁਜ਼ੂਕੀ ਇੰਡੀਆ ਦਾ ਕਹਿਣਾ ਹੈ ਕਿ ਉਸ ਨੂੰ ਇਲੈਕਟ੍ਰਿਕ ਵਾਹਨਾਂ ਦੇ ਨਾਲ-ਨਾਲ ਹਾਈਬ੍ਰਿਡ ਅਤੇ ਸੀਐਨਜੀ ਕਾਰਾਂ ਲਈ ਟੈਕਸ ਛੋਟ ਮਿਲਣੀ ਚਾਹੀਦੀ ਹੈ। ਫਿਲਹਾਲ ਹਾਈਬ੍ਰਿਡ ਤੇ ਸੀਐਨਜੀ ਵਾਹਨਾਂ 'ਤੇ 28% ਜੀਐਸਟੀ ਲਗਦਾ ਹੈ, ਜਦਕਿ ਪੂਰਨ ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦਰ ਘਟਾ ਕੇ 12 ਫੀਸਦ ਕੀਤੀ ਜਾ ਚੁੱਕੀ ਹੈ।

Car loan Information:

Calculate Car Loan EMI