ਨਵੀਂ ਦਿੱਲੀ: ਮੰਗਲਵਾਰ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰੈੱਸ ਨਾਲ ਗੱਲ ਕਰਦੇ ਹੋਏ ਕਦੇ ਡਰ ਨਹੀਂ ਲੱਗਿਆ। ਉਨ੍ਹਾਂ ਨੇ ਇਹ ਗੱਲ ਇਸ ਲਈ ਕਹੀ ਕਿਉਂਕਿ ਮੋਦੀ ਨੇ ਆਪਣੇ ਕਾਰਜਕਾਲ ‘ਚ ਹੁਣ ਤਕ ਕਦੇ ਕੋਈ ਪ੍ਰੈੱਸ ਸੰਮੇਲਨ ਦਾ ਸਾਹਮਣਾ ਨਹੀਂ ਕੀਤਾ।
ਦੱਸ ਦਈਏ ਕਿ ਡਾ. ਮਨਮੋਹਨ ਸਿੰਘ ਆਪਣੇ ਕਾਰਜਕਾਲ ‘ਚ ਜਦੋਂ ਕਿਸੇ ਵਿਦੇਸ਼ੀ ਦੌਰੇ ‘ਤੇ ਵੀ ਜਾਂਦੇ ਸੀ ਤਾਂ ਉਹ ਆਪਣੇ ਜਹਾਜ਼ ‘ਚ ਪ੍ਰੈੱਸ ਨਾਲ ਗੱਲ ਕਰਦੇ ਹੋਏ ਜਾਂਦੇ ਸੀ। ਆਪਣੀ ਕਿਤਾਬ ‘ਚੈਲੈਂਜਿੰਗ ਇੰਡੀਆ’ ਦੀ ਘੁੰਡ ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਇੱਕ ਪ੍ਰਮੱਖ ਆਰਥਿਕ ਗਲੋਬਲ ਸ਼ਕਤੀ ਬਣਨ ਵਾਲਾ ਹੈ। ਆਪਣੀ ਪੰਜ ਭਾਗਾਂ ‘ਚ ਛਪੀ ਇਸ ਕਿਤਾਬ ‘ਚ ਉਨ੍ਹਾਂ ਨੇ ਆਪਣੇ 10 ਸਾਲਾ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਤੇ ਇੱਕ ਅਰਥਸ਼ਾਸਤਰੀ ਵਜੋਂ ਉਨ੍ਹਾਂ ਦੇ ਜੀਵਨ ਦੇ ਵੇਰਵੇ ਨੂੰ ਸ਼ਾਮਲ ਕੀਤਾ ਹੈ।
ਉਨ੍ਹਾਂ ਨੇ ਕਿਹਾ, "ਲੋਕ ਕਹਿੰਦੇ ਹਨ ਕਿ ਮੈਂ ਮੌਨ ਪ੍ਰਧਾਨ ਮੰਤਰੀ ਸੀ, ਪਰ ਇਹ ਕਿਤਾਬ ਲੋਕਾਂ ਨੂੰ ਉਨ੍ਹਾਂ ਦਾ ਜਵਾਬ ਦਵੇਗੀ। ਮੈਂ ਪ੍ਰਧਾਨ ਮੰਤਰੀ ਦੇ ਤੌਰ ‘ਤੇ ਕੀਤੇ ਆਪਣੇ ਕੰਮਾਂ ਦਾ ਗੁਣਗਾਨ ਨਹੀਂ ਕਰਨਾ ਚਾਹੁੰਦਾ, ਪਰ ਜੋ ਚੀਜ਼ਾਂ ਹੋਈਆਂ, ਉਹ ਪੰਜ ਭਾਗਾਂ ਦੀ ਇਸ ਕਿਤਾਬ ‘ਚ ਮੌਜੂਦ ਹਨ।"
ਡਾ. ਮਨਮੋਹਨ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਜਦੋਂ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੌਜੂਦਾ ਪ੍ਰਧਾਨ ਮੰਤਰੀ ਦਾ ਹੁਣ ਤਕ ਇੱਕ ਵੀ ਪ੍ਰੈੱਸ ਕਾਨਫਰੰਸ ਨਾ ਕਰਨ ਕਰਕੇ ਮਜ਼ਾਕ ਉੱਡਾ ਚੁੱਕੇ ਹਨ।