ਚੰਡੀਗੜ੍ਹ: ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਕਿਹਾ ਹੈ ਕਿ ਉਹ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਅਤੇ ਉੁਸ ਉਤੇ 1984 ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਉਣ ਦੇ ਲੱਗੇ ਇਲਜ਼ਾਮਾਂ ਸਬੰਧੀ ਕਾਨੂੰਨ ਦਾ ਸਾਹਮਣਾ ਕਰਨ ਲਈ ਕਹਿਣ।
ਸੱਜਣ ਕੁਮਾਰ ਨੂੰ ਸਜ਼ਾ ਹੋਣ ਮਗਰੋਂ ਕਾਨੂੰਨ ਦਾ ਸ਼ਿਕੰਜਾ ਕਮਲਨਾਥ ਤੇ ਜਗਦੀਸ਼ ਟਾਈਟਲਰ ਵਰਗੇ ਦੂਜੇ ਦੋਸ਼ੀਆਂ ਉੱਤੇ ਪੈਣ ਲਈ ਰਸਤਾ ਸਾਫ ਹੋ ਚੁੱਕਿਆ ਹੈ ਅਤੇ ਅਖੀਰ ਕਾਨੂੰਨ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖਾਂ ਦੀ ਨਸਲਕੁਸ਼ੀ ਦਾ ਹੁਕਮ ਦੇਣ ਵਾਲੇ ਕਾਂਗਰਸੀ ਲੀਡਰ ਤਕ ਵੀ ਪਹੁੰਚੇਗਾ।
ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਆਜ਼ਾਦੀ ਮਗਰੋਂ ਦੇਸ਼ ਵਿੱਚ ਵਾਪਰੇ ਸਭ ਤੋਂ ਭਿਆਨਕ ਕਤਲੇਆਮ ਦਾ ਫੈਸਲਾ ਕਰਕੇ ਦਿੱਲੀ ਹਾਈ ਕੋਰਟ ਨੇ ਲੋਕਾਂ ਦਾ ਨਿਆਂਪਾਲਿਕਾ ਵਿੱਚ ਭਰੋਸਾ ਵਧਾ ਦਿੱਤਾ ਹੈ। ਇਹ ਫੈਸਲਾ ਲੋਕਾਂ, ਖਾਸ ਕਰਕੇ ਉਹਨਾਂ ਘੱਟ ਗਿਣਤੀਆਂ ਦੇ ਦਿਲਾਂ ਅੰਦਰ ਰਾਸ਼ਟਰਵਾਦ ਦੀ ਭਾਵਨਾ ਮਜ਼ਬੂਤ ਕਰੇਗਾ, ਜਿਹੜੇ ਸਿਸਟਮ ਹੱਥੋਂ ਆਪਣੇ ਆਪ ਨੂੰ ਵਿਤਕਰੇ ਦਾ ਸ਼ਿਕਾਰ ਹੋਏ ਮਹਿਸੂਸ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਬਣਾਏ ਗਏ ਨਾਨਾਵਤੀ ਕਮਿਸ਼ਨ ਨੇ ਹੀ 1984 ਸਿੱਖ ਕਤਲੇਆਮ ਵਿੱਚ ਹੀ ਕਾਂਗਰਸੀ ਆਗੂਆਂ ਖ਼ਿਲਾਫ਼ ਅਹਿਮ ਸਬੂਤ ਸਾਹਮਣੇ ਲਿਆਂਦੇ ਸਨ ਅਤੇ ਹੁਣ ਪੀਐਮ ਨਰੇਂਦਰ ਮੋਦੀ ਵੱਲੋਂ ਕਾਇਮ ਕੀਤੀ ਐਸਆਈਟੀ ਦੀ ਪੜਤਾਲ ਮਗਰੋਂ ਹੀ ਮਹੀਪਾਲਪੁਰ ਇਲਾਕੇ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਵੀ ਸਜ਼ਾ ਮਿਲੀ ਹੈ ਤੇ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।