ਅੰਬਾਲਾ: ਬੀਤੇ ਕੱਲ੍ਹ ਦਿੱਲੀ ਹਾਈਕੋਰਟ ਵੱਲੋਂ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਰਾਜੀਵ ਗਾਂਧੀ ਉੱਪਰ ਕਾਰਵਾਈ ਕਰਨ ਦੀ ਮੰਗ ਉੱਠੀ ਹੈ। ਇਹ ਮੰਗ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਚੁੱਕੀ ਹੈ।
ਵਿਜ ਨੇ ਸੱਜਣ ਕੁਮਾਰ ਨੂੰ ਮਿਲੀ ਸਜ਼ਾ ਨੂੰ ਅਧੂਰਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੀ ਮੁਲਜ਼ਮ ਹੈ ਤੇ ਉਨ੍ਹਾਂ ਨੂੰ ਮਰਨ ਉਪਰੰਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਵਿਜ ਨੇ ਇਹ ਵੀ ਕਿਹਾ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਰਗੇ ਵੱਡੇ ਸਨਮਾਨ ਵਾਪਸ ਲੈ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਜਦ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ।
ਅਨਿਲ ਵਿਜ ਨੇ ਕਿਹਾ ਹੈ ਕਿ ਦਿੱਲੀ ਵਿੱਚ 3,400 ਤੋਂ ਵੱਧ ਸਿੱਖਾਂ ਦੇ ਕਤਲ ਪਿੱਛੇ ਸਿਰਫ਼ ਕੁਝ ਹੀ ਲੋਕ ਨਹੀਂ ਹੋ ਸਕਦੇ ਬਲਕਿ ਇਸ ਪਿੱਛੇ ਕਾਂਘਰਸ ਦੀ ਸੋਚ ਹੀ ਜ਼ਿੰਮੇਵਾਰ ਹੈ। ਜਦ ਵਿਜ ਤੋਂ ਇਹ ਪੁੱਛਿਆ ਗਿਆ ਕਿ ਹਰਿਆਣਾ ਵਿੱਚ '84 ਪੀੜਤ ਸਿੱਖ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ ਉਨ੍ਹਾਂ ਇਸ ਦਾ ਠੀਕਰਾ ਵੀ ਕਾਂਗਰਸ ਸਿਰ ਹੀ ਭੰਨ੍ਹ ਦਿੱਤਾ।
ਵਿਜ ਨੇ ਕਿਹਾ ਕਿ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਨੇ ਇਨ੍ਹਾਂ ਕੇਸਾਂ ਨੂੰ ਅੱਗੇ ਹੀ ਨਹੀਂ ਵਧਣ ਦਿੱਤਾ ਪਰ ਨਰੇਂਦਰ ਮੋਦੀ ਸਰਕਾਰ ਵੱਲੋਂ ਬਣਾਈ ਐਸਆਈਟੀ ਨੇ ਜਾਂਚ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਤੇ ਸਜ਼ਾਵਾਂ ਹੋਣੀਆਂ ਸ਼ੁਰੂ ਹੋਈਆਂ ਹਨ ਅਤੇ ਮੁਆਵਜ਼ੇ ਵੀ ਇਸੇ ਕਾਰਨ ਲੇਟ ਹੋ ਗਏ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੀ ਪੀੜਤ ਸਿੱਖਾਂ ਨੂੰ ਮੁਆਵਜ਼ੇ ਦੇਣ ਦੀ ਪ੍ਰਕਿਰਿਆ ਨੂੰ ਜਲਦ ਹੀ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ।