ਚੰਡੀਗੜ੍ਹ: ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਨਵੀਆਂ ਬਣੀਆਂ ਸਰਕਾਰਾਂ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਸੇ ਬਹਾਨੇ ਕਾਂਗਰਸ ਨੇ ਪੂਰੇ ਦੇਸ਼ ਵਿੱਚ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਮੰਗ ਛੇੜ ਦਿੱਤੀ ਹੈ। ਇਸ ਸਬੰਧੀ ਰਾਹੁਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਨਹੀਂ ਤਾਂ ਕਾਂਗਰਸ ਕਿਸਾਨਾਂ ਨੂੰ ਰਾਹਤ ਦਏਗੀ। ਸੰਸਦ ਦੇ ਬਾਹਰ ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਨੇ ਕਿਹਾ ਕਿ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਉਨ੍ਹਾਂ 10 ਦਿਨਾਂ ਅੰਦਰ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਛੇ ਘੰਟਿਆਂ ਅੰਦਰ ਹੀ ਵਾਅਦਾ ਪੂਰਾ ਕੀਤਾ।
ਇਸੇ ਦੌਰਾਨ ਪੀਐਮ ਮੋਦੀ ’ਤੇ ਸਿੱਧਾ ਵਾਰ ਕਰਦਿਆਂ ਰਾਹੁਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਮੋਦੀ ਨੇ ਕਿਸਾਨਾਂ ਦਾ ਇੱਕ ਪੈਸਾ ਮੁਆਫ਼ ਨਹੀਂ ਕੀਤਾ ਪਰ 10 ਤੋਂ 15 ਕਾਰੋਬਾਰੀਆਂ ਦਾ ਅਰਬਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕੀਤਾ ਤਾਂ ਉਹ ਮੋਦੀ ਨੂੰ ਸੌਣ ਵੀ ਨਹੀਂ ਦੇਣਗੇ।
ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਨੇ ਰਾਫਾਲ ਸੌਦੇ ਵਿੱਚ ਅੰਬਾਨੀ ਕੋਲੋਂ ਚੋਰੀ ਕਰਵਾਈ। 45 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫ਼ ਕੀਤਾ ਗਿਆ। ਇੰਨੀ ਰਕਮ ਵਿੱਚ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾ ਸਕਦਾ ਸੀ ਪਰ ਪੀਐਮ ਨੇ ਕਿਸਾਨਾਂ ਨੂੰ ਇੱਕ ਪੈਸੇ ਦੀ ਵੀ ਰਾਹਤ ਮੁਹੱਈਆ ਨਹੀਂ ਕਰਵਾਈ। ਹਾਲਾਂਕਿ ਇਸ ਮੌਕੇ ਰਾਹੁਲ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਦੀ ਸਜ਼ਾ ਬਾਰੇ ਕੁਝ ਬੋਲਣ ਤੋਂ ਟਾਲਾ ਵੱਟ ਲਿਆ।