ਸਿੱਖ ਕਤਲੇਆਮ ਦੇ ਸਵਾਲਾਂ ਤੋਂ ਬਚਦੇ ਫਿਰਦੇ ਰਾਹੁਲ ਗਾਂਧੀ
ਏਬੀਪੀ ਸਾਂਝਾ | 18 Dec 2018 04:09 PM (IST)
ਨਵੀਂ ਦਿੱਲੀ: 1984 ਕੇਸ ਸਬੰਧੀ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਬਾਅਦ ਕਾਂਗਰਸ ਪਾਰਟੀ ਬੈਕਫੁੱਟ ’ਤੇ ਚੱਲ ਰਹੀ ਹੈ। ਅੱਜ ਜਦੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਵੀ ਕਹਿਣੋਂ ਇਨਕਾਰ ਕਰ ਦਿੱਤਾ। ਸੰਸਦ ਭਵਨ ਦੇ ਬਾਹਰ ਕਿਸਾਨ ਕਰਜ਼ਾ ਮੁਆਫ਼ੀ ਸਬੰਧੀ ਮੀਡੀਆ ਨਾਲ ਗੱਲ ਕਰਨ ਆਏ ਰਾਹੁਲ ਗਾਂਧੀ ਕੋਲੋਂ ਜਦੋਂ ਸਿੱਖ ਕਤਲੇਆਮ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਸਿਰਫ ਇੰਨਾ ਕਿਹਾ ਕਿ ਉਹ ਇਸ ਬਾਰੇ ਪਹਿਲਾਂ ਹੀ ਆਪਣਾ ਪੱਖ ਸਪਸ਼ਟ ਕਰ ਚੁੱਕੇ ਹਨ। ਦਰਅਸਲ ਇਸੇ ਸਾਲ ਅਗਸਤ ਮਹੀਨੇ ਵਿੱਚ ਲੰਦਨ ਸਕੂਲ ਆਫ਼ ਇਕਨਾਮਿਕਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ 1984 ਸਿੱਖ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਮਨ ਵਿੱਚ ਇਸ ਸਬੰਧੀ ਕੋਈ ਭਰਮ ਨਹੀਂ। ਉਨ੍ਹਾਂ ਇਸ ਨੂੰ ਤ੍ਰਾਸਦੀ ਤੇ ਦੁਖ਼ਦ ਅਨੁਭਵ ਦੱਸਿਆ ਸੀ। ਉਨ੍ਹਾਂ ਇਸ ਕਤਲੇਆਮ ਵਿੱਚ ਕਾਂਗਰਸ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਉਸ ਸਮੇਂ ਰਾਹੁਲ ਨੇ ਕਿਹਾ ਸੀ ਕਿ ਜਦੋਂ ਮਨਮੋਹਨ ਸਿੰਘ ਨੇ ਕਿਹਾ ਤਾਂ ਉਹ ਸਭ ਲਈ ਬੋਲੇ। ਪਿਤਾ ਰਾਜੀਵ ਗਾਂਧੀ ਤੇ ਦਾਦੀ ਇੰਦਰਾ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਹਿੰਸਾ ਦੇ ਪੀੜਤ ਹਨ ਤੇ ਉਹ ਸਮਝਦੇ ਹਨ ਕਿ ਇਹ ਕਿਵੇਂ ਦਾ ਲੱਗਦਾ ਹੈ।