ਜੈਪੁਰ (ਰਾਜਸਥਾਨ): ਰਾਜ ਸਭਾ ਉਪ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਨਾਂ ਮੁਕਾਬਲਾ ਚੁਣੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ ਕਿਉਂਕਿ ਬੀਜੇਪੀ ਇਸ ਚੋਣ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰੇਗੀ।

ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਫੈਸਲਾ ਕਰਨ ਲਈ ਮੰਗਲਵਾਰ ਦੁਪਹਿਰ ਨੂੰ ਬੀਜੇਪੀ ਵਿਧਾਇਕ ਦਲ ਦੀ ਸੂਬਾ ਦਫਤਰ ਵਿੱਚ ਮੀਟਿੰਗ ਬੁਲਾਈ ਗਈ ਸੀ। ਵਿਧਾਇਕਾਂ ਦੇ ਇਸ ਮੁੱਦੇ 'ਤੇ ਕੋਈ ਰਾਏ ਨਾ ਬਣਨ 'ਤੇ ਸੂਬਾ ਸੰਗਠਨ ਨੇ ਆਪਣਾ ਫੈਸਲਾ ਕੇਂਦਰੀ ਲੀਡਰਸ਼ਿਪ 'ਤੇ ਛੱਡ ਦਿੱਤਾ ਤੇ ਕੇਂਦਰੀ ਸੰਗਠਨ ਨੇ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ।

ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਕੁਝ ਵਿਧਾਇਕ ਉਮੀਦਵਾਰਾਂ ਨੂੰ ਉਤਾਰਨ ਤੇ ਕੁਝ ਵਿਧਾਇਕ ਨਾ ਉਤਾਰਨ ਦੇ ਹੱਕ ਵਿੱਚ ਸਨ। ਇਸ ਭੰਬਲਭੂਸੇ ਤੋਂ ਬਾਹਰ ਨਿਕਲਣ ਲਈ ਬੀਜੇਪੀ ਦੀ ਪ੍ਰਦੇਸ਼ ਇਕਾਈ ਨੇ ਆਪਣਾ ਫੈਸਲਾ ਕੇਂਦਰੀ ਹਾਈ ਕਮਾਂਡ ਨੂੰ ਦੇ ਦਿੱਤਾ ਸੀ।